ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 1 ਨਵੰਬਰ
ਜ਼ਿਲ੍ਹਾ ਕੁਰੂਕਸ਼ੇਤਰ ਦੇ ਬਾਬੈਨ ਬਲਾਕ ਦੇ ਪਿੰਡ ਹਰੀਪੁਰ ਦੀ ਪੰਚਾਇਤ ਦੀ ਚੋਣ ਸਰਬਸੰਮਤੀ ਨਾਲ ਹੋ ਗਈ ਹੈ। ਸੋਨੀਆ ਦੇਵੀ ਨੂੰ ਸਰਬਸੰਮਤੀ ਨਾਲ ਸਰਪੰਚ ਚੁਣ ਲਿਆ ਗਿਆ ਹੈ ਤੇ ਅੱਠ ਪੰਚ ਵੀ ਸਰਬਸੰਮਤੀ ਨਾਲ ਚੁਣੇ ਗਏ। ਹਰੀਪੁਰ ਪੰਚਾਇਤ ਦੇ ਤਹਿਤ ਪਿੰਡ ਮੰਡੋਖਰਾ, ਸੂਜਰਾ, ਸੂਜਰੀ, ਪਟਵਾਰੀ ਹਰਜਿੰਦਰ ਸਿੰਘ ਦਾ ਡੇਰਾ ਤੇ ਧੰਨਾਨੀ ਵਾਲਿਆਂ ਦਾ ਡੇਰਾ ਆਉਂਦਾ ਹੈ। ਪਿੰਡ ਦੀ ਕਰੀਬ 900 ਵੋਟ ਹੈ। ਸਰਬਸੰਮਤੀ ਨਾਲ ਚੁਣੀ ਗਈ ਸਰਪੰਚ ਸੋਨੀਆ ਦੇਵੀ ਨੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਰੇ ਪਿੰਡਾਂ ਤੇ ਡੇਰਿਆਂ ਦੇ ਲੋਕਾਂ ਨੇ ਸਰਪੰਚ ਚੁਣ ਕੇ ਜੋ ਉਸ ’ਤੇ ਭਰੋਸਾ ਪ੍ਰਗਟਾਇਆ ਹੈ, ਉਸ ਲਈ ਉਹ ਪਿੰਡ ਦੇ ਲੋਕਾਂ ਦੀ ਰਿਣੀ ਰਹੇਗੀ। ਉਨ੍ਹਾਂ ਕਿਹਾ ਕਿ ਉਹ ਪਿੰਡ ਦੇ ਵਿਕਾਸ ਲਈ ਸਦਾ ਸਮਰਪਿਤ ਰਹੇਗੀ ਤੇ ਲੋਕਾਂ ਲਈ ਜਨ ਕਲਿਆਣ ਤੇ ਵਿਕਾਸ ਕਾਰਜਾਂ ਨੂੰ ਇਮਾਨਦਾਰੀ ਨਾਲ ਲਾਗੂ ਕਰੇਗੀ। ਸੋਨੀਆ ਨੇ ਕਿਹਾ ਕਿ ਸਰਪੰਚ ਹੀ ਨਹੀਂ ਪਿੰਡ ਦੀ ਸਾਰੀ ਪੰਚਾਇਤ ਹੀ ਸਰਬਸੰਮਤੀ ਨਾਲ ਚੁਣੀ ਗਈ ਹੈ ਤੇ ਪੰਚਾਇਤ ਆਪਸੀ ਤਾਲਮੇਲ ਨਾਲ ਵਿਕਾਸ ਕਾਰਜ ਕਰੇਗੀ। ਪਿੰਡ ਵਾਸੀਆਂ ਨੇ ਪੂਰੀ ਪੰਚਾਇਤ ਦਾ ਫੁੱਲਮਾਲਾਵਾਂ ਪਾ ਕੇ ਸਵਾਗਤ ਕੀਤਾ। ਇਸ ਮੌਕੇ ਬਾਬਾ ਸੁਰਿੰਦਰ ਸਿੰਘ ਮੰਡੋਖਰਾ ਸਾਹਿਬ ਵਾਲੇ, ਸਾਬਕਾ ਸਰਪੰਚ ਗੁਰਮੇਲ ਸਿੰਘ, ਸਾਬਕਾ ਸਰਪੰਚ ਜਸਵੰਤ ਸਿੰਘ, ਹਰਭਜਨ ਸਿੰਘ, ਉਦੈ ਸਿੰਘ, ਸੁਖਵਿੰਦਰ ਸਿੰਘ, ਮਾਇਆ ਰਾਮ, ਮਮਤਾ ਦੇਵੀ, ਤਾਰਾ ਸਿੰਘ ਆਦਿ ਤੋਂ ਇਲਾਵਾ ਸਾਰੇ ਪੰਚਾਇਤ ਮੈਂਬਰ ਤੇ ਹੋਰ ਪਤਵੰਤੇ ਮੌਜੂਦ ਸਨ।