ਪੱਤਰ ਪ੍ਰੇਰਕ
ਟੋਹਾਣਾ, 24 ਅਗਸਤ
ਪਿੰਡ ਭੁਥਨ ਕਲਾਂ ਦੀ ਧੀ ਸੋਨਾਲੀ ਫੋਗਾਟ ਦੇ ਪੇਕਾ ਪਰਿਵਾਰ ਵੱਲੋਂ ਗੋਆ ਦੀ ਪੁਲੀਸ ਨੂੰ ਈਮੇਲ ਰਾਹੀਂ ਸ਼ਿਕਾਇਤ ਭੇਜ ਕੇ ਸੋਨਾਲੀ ਦੇ ਮੈਨੇਜਰ ਸੁਧੀਰ ਸਾਂਗਵਾਨ ਤੇ ਸਹਾਇਕ ਸੁਖਵਿੰਦਰ ਨਿਵਾਸੀ ਭਿਵਾਨੀ ’ਤੇ ਸੋਨਾਲੀ ਦੀ ਕਥਿਤ ਹੱਤਿਆ ਕਰਨ ਤੇ ਉਸ ਦੀ ਜਾਇਦਾਦ ਹੜੱਪਣ ਦੀ ਕੋਸ਼ਿਸ਼ ਕਰਨ ਦੇ ਦੇਸ਼ ਲਾਏ ਹਨ। ਸੋਨਾਲੀ ਫੋਗਾਟ ਦੀ ਗੋਆ ਵਿੱਚ ਸੋਮਵਾਰ ਰਾਤ ਨੂੰ ਮੌਤ ਹੋ ਗਈ ਸੀ। ਪਰਿਵਾਰ ਵੱਲੋਂ ਦਿੱਤੀ ਗਈ ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਸੋਨਾਲੀ ਦੇ ਪਤੀ ਦੀ ਮੌਤ ਮਗਰੋਂ ਜਦੋਂ ਭਾਜਪਾ ਨੇ ਉਸ ਨੂੰ ਆਦਮਪੁਰ ਵਿਧਾਨ ਸਭਾ ਸੀਟ ’ਤੇ ਟਿਕਟ ਦੇਣ ਦਾ ਐਲਾਨ ਕੀਤਾ ਸੀ ਤਾਂ ਉਸ ਵੇਲੇ ਉਹ ਸੁਧੀਰ ਸਾਂਗਵਾਨ ਤੇ ਸੁਖਵਿੰਦਰ ਭਿਵਾਨੀ ਦੇ ਸੰਪਰਕ ਵਿੱਚ ਆਈ ਸਨ। ਸੋਨਾਲੀ ਦੇ ਭਰਾ ਰਿੰਕੂ ਭੁੱਥਨ ਦਾ ਕਹਿਣਾ ਹੈ ਕਿ ਗੋਆ ਵਿੱਚ ਫਿਲਮ ਦੀ ਸ਼ੂਟਿੰਗ ਨਹੀਂ ਹੋ ਰਹੀ ਸੀ, ਸਗੋਂ ਸੋਨਾਲੀ ਉੱਥੇ ਘੁੰਮਣ ਗਈ ਸੀ ਤੇ ਉਸ ਦਾ ਮੈਨੇਜਰ ਸੁਧੀਰ ਸਾਂਗਵਾਨ ਵੀ ਉਸ ਦੇ ਨਾਲ ਸੀ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਸੋਨਾਲੀ ਨੂੰ ਨਸ਼ਾ ਦੇ ਕੇ ਉਸ ਦੀਆਂ ਵੀਡੀਓਜ਼ ਬਣਾਈਆਂ ਗਈਆਂ ਸਨ, ਜਿਨ੍ਹਾਂ ਕਾਰਨ ਉਸ ਨੂੰ ਬਲੈਕਮੇਲ ਕੀਤਾ ਜਾਂਦਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹਾਦਸੇ ਵਾਲੀ ਰਾਤ ਫੋਗਾਟ ਨੇ ਟੈਲੀਫੋਨ ’ਤੇ ਦੱਸਿਆ ਸੀ ਕੇ ਖੀਰ ਖਾਣ ਮਗਰੋਂ ਉਸ ਦੇ ਹੱਥ ਪੈਰ ਕੰਮ ਨਹੀਂ ਕਰ ਰਹੇ ਹਨ। ਪਰਿਵਾਰ ਵੱਲੋਂ ਸੋਨਾਲੀ ਨਾਲ ਹੋਈ ਆਖਰੀ ਗੱਲਬਾਤ ਦੀ ਰਿਕਾਰਡਿੰਗ ਵੀ ਭੇਜੀ ਗਈ ਹੈ।