ਪੱਤਰ ਪ੍ਰੇਰਕ
ਯਮੁਨਾਨਗਰ, 14 ਫਰਵਰੀ
ਸਾਬਕਾ ਵਿਧਾਇਕ ਅਤੇ ਇੰਡੀਅਨ ਨੈਸ਼ਨਲ ਲੋਕਦਲ ਆਗੂ ਚੌਧਰੀ ਅਭੈ ਸਿੰਘ ਚੌਟਾਲਾ ਪਿੰਡ ਜੁੱਬਲ ਵਿੱਚ ਕਿਸਾਨ ਮਜ਼ਦੂਰ ਜਨ ਜਾਗਰਣ ਮੁਹਿੰਮ ਵਿੱਚ ਹਿੱਸਾ ਲੈਣ ਪਹੁੰਚੇ। ਉਨ੍ਹਾਂ ਨੇ ਖੇਤੀ ਮੰਤਰੀ ਜੇਪੀ ਦਲਾਲ ਵੱਲੋਂ ਕਿਸਾਨਾਂ ’ਤੇ ਕੀਤੀ ਗਈ ਵਿਵਾਦਿਤ ਟਿੱਪਣੀ ’ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਅਜਿਹੇ ਵਿਅਕਤੀ ਨੂੰ ਸੱਤਾ ਵਿੱਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ ਅਤੇ ਅਜਿਹੇ ਆਗੂ ਸਮਾਜ ਅਤੇ ਕਿਸਾਨੀ ’ਤੇ ਕਲੰਕ ਹਨ। ਉਨ੍ਹਾਂ ਨੇ ਕਿਹਾ ਕਿ ਉਹ ਦਲਾਲ ਖਾਪ ਨੂੰ ਅਪੀਲ ਕਰਨਗੇ ਕਿ ਉਹ ਜੇਪੀ ਦਲਾਲ ਦਾ ਸਮਾਜਿਕ ਬਾਈਕਾਟ ਕਰਨ ਦੀ ਪਹਿਲ ਕਰਨ ਅਤੇ ਵਿਧਾਨ ਸਭਾ ਵਿੱਚ ਪਹੁੰਚਣ ਅਤੇ ਗੋ ਬੈਕ ਦੇ ਨਾਅਰੇ ਲਗਾਏ ਜਾਣ। ਜਦੋਂ ਤੱਕ ਉਹ ਕੰਨ ਫੜ ਕੇ ਮੁਆਫ਼ੀ ਨਾ ਮੰਗੇ ਉਸ ਨੂੰ ਮੁਆਫ਼ ਨਹੀਂ ਕੀਤਾ ਜਾਣਾ ਚਾਹੀਦਾ। ਚੌਟਾਲਾ ਨੇ ਕਿਹਾ ਕਿ ਕਾਂਗਰਸ ਦਾ ਅਵਿਸ਼ਵਾਸ ਮਤਾ ਵੀ ਕਾਗਜ਼ਾਂ ਤੱਕ ਸੀਮਤ ਹੈ ਕਿਉਂਕਿ ਜਦੋਂ ਭਾਜਪਾ ਸਰਕਾਰ ਇਹ ਬਿੱਲ ਲੈ ਕੇ ਆਈ ਸੀ ਤਾਂ ਉਨ੍ਹਾਂ ਨੇ ਇਸ ’ਤੇ ਕੋਈ ਚਰਚਾ ਨਹੀਂ ਕੀਤੀ। ਉਨ੍ਹਾਂ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੂਡਾ ਵੀ ਭਾਜਪਾ ਨਾਲ ਮਿਲਿਆ ਹੋਇਆ ਹੈ ਕਿਉਂਕਿ ਸੁਭਾਸ਼ ਚੰਦਰਾ ਨੂੰ ਰਾਜ ਸਭਾ ਦਾ ਮੈਂਬਰ ਬਣਾਉਣ ਵਿੱਚ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ ਸੀ। ਇਸ ਤੋਂ ਇਲਾਵਾ ਜਦੋਂ ਆਪਣੇ ਬੇਟੇ ਨੂੰ ਰਾਜ ਸਭਾ ਵਿੱਚ ਭੇਜਣ ਦੀ ਗੱਲ ਆਈ ਤਾਂ ਵੀ ਉਨ੍ਹਾਂ ਨੇ ਅੰਦਰਖਾਤੇ ਭਾਜਪਾ ਨਾਲ ਸਮਝੌਤਾ ਕਰ ਲਿਆ। ਉਨ੍ਹਾਂ ਨੇ ਕਿਹਾ ਕਿ ਜਦੋਂ ਕੇਂਦਰ ਵਿੱਚ ਮਨਮੋਹਨ ਸਿੰਘ ਦੀ ਸਰਕਾਰ ਸੀ ਤਾਂ ਕਾਂਗਰਸ ਪਾਰਟੀ ਇਸ ਕਾਲੇ ਕਾਨੂੰਨ ਨੂੰ ਲੈ ਕੇ ਆਈ ਸੀ ਪਰ ਬਹੁਮਤ ਨਾ ਹੋਣ ਕਰਕੇ ਇਸ ਬਿੱਲ ਨੂੰ ਕਮੇਟੀ ਕੋਲ ਭੇਜ ਦਿੱਤਾ ਗਿਆ। ਜਦੋਂ ਭਾਜਪਾ ਦੀ ਸਰਕਾਰ ਆਈ ਤਾਂ ਉਨ੍ਹਾਂ ਨੇ ਆਪਣੀ ਬਹੁਮਤ ਨਾਲ ਇਨ੍ਹਾਂ ਕਾਨੂੰਨਾਂ ਨੂੰ ਪਾਸ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਇਹ ਸੋਚ ਰਹੀ ਹੈ ਕਿ ਕਿਸਾਨ ਕਾਨੂੰਨ ਵਾਪਸੀ ਤੋਂ ਪਹਿਲਾਂ ਆਪਣਾ ਅੰਦੋਲਨ ਸਮਾਪਤ ਕਰ ਦੇਣਗੇ ਤਾਂ ਇਹ ਸਰਕਾਰ ਦੀ ਵੱਡੀ ਭੁੱਲ ਹੋਵੇਗੀ।
ਖੇਤੀ ਕਾਨੂੰਨਾਂ ਲਈ ਕਾਂਗਰਸ ਵੀ ਜ਼ਿੰਮੇਵਾਰ: ਅਭੈ ਚੌਟਾਲਾ
ਨਰਾਇਣਗੜ੍ਹ (ਫਰਿੰਦਰ ਪਾਲ ਗੁਲਿਆਣੀ): ਪਿੰਡ ਬਧੌਲੀ ਦੇ ਮਹਾਰਾਣਾ ਪ੍ਰਤਾਪ ਭਵਨ ਵਿੱਚ ਕਿਸਾਨ ਜਨ ਜਾਗਰਣ ਸੰਮੇਲਨ ਕਰਵਾਇਆ ਗਿਆ, ਜਿਸ ਵਿੱਚ ਇਨੈਲੋ ਪਾਰਟੀ ਦੇ ਮਹਾਂਸਕੱਤਰ ਅਭੈ ਸਿੰਘ ਚੌਟਾਲਾ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਵਿੱਚ ਪਹੁੰਚਣ ’ਤੇ ਇਨੈਲੋ ਆਗੂ ਸ਼ੀਸ਼ ਪਾਲ ਜੰਧੇੜੀ, ਜਗਮਾਲ ਸਿੰਘ ਰੋਲੋਂ ਸਣੇ ਹੋਰ ਕਿਸਾਨਾਂ ਨੇ ਪਗੜੀ, ਕਿਰਪਾਨ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਲੋਕਾਂ ਨੂੰ ਸੰਬੋਧਨ ਕਰਦਿਆਂ ਅਭੈ ਚੌਟਾਲਾ ਨੇ ਕਿਹਾ ਕਿ ਤਿੰਨ ਖੇਤੀ ਕਾਨੂੰਨਾਂ ਲਈ ਭਾਜਪਾ ਦੇ ਨਾਲ ਨਾਲ ਕਾਂਗਰਸ ਵੀ ਦੋਸ਼ੀ ਹੈ ਕਿਉਂਕਿ ਇਹ ਤਿੰਨੇ ਕਾਨੂੰਨ ਕਾਂਗਰਸ ਸਰਕਾਰ ਸਮੇਂ ਬਣਾਏ ਗਏ ਸਨ ਅਤੇ ਭਾਜਪਾ ਸਰਕਾਰ ਨੇ ਇਨ੍ਹਾਂ ਨੂੰ ਪਾਸ ਕਰਕੇ ਕਿਸਾਨਾਂ ਨੂੰ ਬਰਬਾਦ ਕਰਨ ਦਾ ਕੰਮ ਕੀਤਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਦਿੱਲੀ ਵਿੱਚ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਵਧ ਤੋਂ ਵਧ ਸਮਰਥਨ ਦਿੱਤਾ ਜਾਵੇ। ਸਮਾਗਮ ਵਿੱਚ ਅਭੈ ਚੌਟਾਲਾ ਤੇ ਹੋਰਾਂ ਨੇ ਦੋ ਮਿੰਟ ਦਾ ਮੌਨ ਰੱਖ ਕੇ ਪੁਲਵਾਮਾ ਦੇ ਸ਼ਹੀਦਾਂ ਤੇ ਅੰਦੋਲਨ ਵਿੱਚ ਮਾਰੇ ਗਏ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਸ਼ੀਸ਼ ਪਾਲ, ਜਗਮਾਲ ਸਿੰਘ ਰੋਲੋਂ, ਭੂਪ ਸਿੰਘ, ਰਣਦੀਪ ਸਿੰਘ, ਸ਼ਸ਼ੀ, ਪ੍ਰਕਾਸ਼ ਭਾਰਤੀ, ਨਫੈ ਸਿੰਘ ਸਣੇ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।