ਪੱਤਰ ਪ੍ਰੇਰਕ
ਯਮੁਨਾਨਗਰ, 19 ਅਕਤੂਬਰ
ਇੱਥੇ ਅੱਜ ਨਗਰ ਨਿਗਮ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਨਗਰ ਨਿਗਮ ਦਫਤਰ ਬਾਹਰ ਮੰਗਾਂ ਨਾ ਪੂਰੀਆਂ ਹੋਣ ਕਰਕੇ ਹਰਿਆਣਾ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਹੁਨਰ ਰੁਜ਼ਗਾਰ ਕਾਰਪੋਰੇਸ਼ਨ ਭੰਗ ਕਰਨ, ਸਾਰੇ ਕੱਚੇ ਕਾਮਿਆਂ ਨੂੰ ਪੱਕੇ ਕਰਨ, ਸਾਰੇ ਭੱਤਿਆਂ ਦੇ ਨਾਲ ਬਰਾਬਰ ਕੰਮ-ਬਰਾਬਰ ਤਨਖਾਹ ਅਤੇ ਸੇਵਾ ਸੁਰੱਖਿਆ ਪ੍ਰਦਾਨ ਕਰਨ, ਏਸੀਪੀ ਦੀ ਸ਼ਰਤ ਦਾ ਲਾਭ ਦੇਣ, ਸੀਵਰਮੈਨ, ਫਾਇਰਮੈਨ, ਫਾਇਰ ਡਰਾਈਵਰ ਅਤੇ ਫਾਇਰ ਅਪਰੇਟਰ ਨੂੰ 4000 ਮਾਸਿਕ ਜੋਖਮ ਭੱਤਾ ਦੇਣ, 100-100 ਵਰਗ ਗਜ਼ ਦੇ ਪਲਾਟ ਜਾਂ ਰਿਹਾਇਸ਼ੀ ਕਲੋਨੀ ਬਣਾ ਕੇ ਤੀਜੇ ਅਤੇ ਚੌਥੇ ਦਰਜੇ ਦੇ ਸਾਰੇ ਮੁਲਾਜ਼ਮਾਂ ਨੂੰ ਆਸਾਨ ਕਿਸ਼ਤਾਂ ‘ਤੇ ਮਕਾਨ ਦੇਣ ਆਦਿ ਪ੍ਰਮੁੱਖ ਮੁੱਦਿਆਂ ਨੂੰ ਲੈ ਕੇ ਸਵੇਰ ਸੱਤ ਵਜੇ ਪ੍ਰਦਰਸ਼ਨ ਕੀਤਾ। ਮਿਉਂਸਪਲ ਕਰਮਚਾਰੀ ਸੰਘ ਹਰਿਆਣਾ ਦੇ ਸੱਦੇ ‘ਤੇ ਹੋਈ ਇਸ ਦੋ ਰੋਜ਼ਾ ਹੜਤਾਲ ਦੇ ਪਹਿਲੇ ਦਿਨ ਦੀ ਪ੍ਰਧਾਨਗੀ ਨਗਰ ਪਾਲਿਕਾ ਦੇ ਜ਼ਿਲ੍ਹਾ ਪ੍ਰਧਾਨ ਪ੍ਰਵੇਸ਼ ਪਰੋਚਾ ਅਤੇ ਜ਼ਿਲ੍ਹਾ ਸਕੱਤਰ ਗੁਲਸ਼ਨ ਭਾਰਦਵਾਜ ਨੇ ਕੀਤੀ। ਸਰਵ ਕਰਮਚਾਰੀ ਸੰਘ ਦੇ ਜ਼ਿਲ੍ਹਾ ਪ੍ਰਧਾਨ ਮਹੀਪਾਲ ਸੋਦੇ ਨੇ ਕਿਹਾ ਕਿ ਹਰਿਆਣਾ ਸਰਕਾਰ ਆਪਣੇ ਵਾਅਦੇ ਮੁਤਾਬਕ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਵਿਚ ਦੇਰੀ ਨਾ ਕਰੇ ਨਹੀਂ ਤਾਂ ਮੁਲਾਜ਼ਮ ਲੰਬੀ ਹੜਤਾਲ ’ਤੇ ਵੀ ਜਾ ਸਕਦੇ ਹਨ। ਇਸ ਮੌਕੇ ਪਬਲਿਕ ਹੈਲਥ ਤੋਂ ਬ੍ਰਾਂਚ ਹੈੱਡ ਕਮਲ, ਲੋਕ ਨਿਰਮਾਣ ਵਿਭਾਗ ਤੋਂ ਰਾਜਵੀਰ, ਮੇਵਾਰਾਮ, ਰਿਟਾਇਰਡ ਐਂਪਲਾਈਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੋਮਨਾਥ, ਸਕੱਤਰ ਜੋਤ ਸਿੰਘ, ਖਜ਼ਾਨਚੀ ਮੁਖਤਿਆਰ ਸਿੰਘ, ਬਲਾਕ ਪ੍ਰਧਾਨ ਰਾਜਵੀਰ ਪੰਡੋਰਾ, ਸੁਰਜੀਤ ਸਿੰਘ, ਬਲਬੀਰ ਸਿੰਘ, ਸੁਮਿਤ ਪਾਲ ਸਿੰਘ, ਦਿਨੇਸ਼ ਡੁਮਰਾ, ਰਾਹੁਲ, ਨਗਰ ਪਾਲਿਕਾ ਤੋਂ ਰਾਜ ਕੁਮਾਰ ਧਾਰੀਵਾਲ, ਰਾਜ ਕੁਮਾਰ ਸਸੋਲੀ, ਕੈਸ਼ੀਅਰ ਗੁਲਜ਼ਾਰ ਅਹਿਮਦ, ਆਡੀਟਰ ਰਿੰਕੂ ਕੁਮਾਰ, ਗੁਰਨਾਮ ਸਿੰਘ, ਵਿਜੇਂਦਰ ਪਾਲ, ਵਰਿੰਦਰ ਧੀਮਾਨ ਹਾਜ਼ਰ ਸਨ।