ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 21 ਅਕਤੂਬਰ
ਪਿੰਡ ਇਸ਼ਰਹੇੜੀ ਵਿਚ ਸਰਕਾਰ ਨੇ ਗਰੀਬ ਲੋਕਾਂ ਨੂੰ 100-100 ਗਜ ਦੇ ਪਲਾਟ ਦੇਣ ਲਈ ਜ਼ਮੀਨ ਖਰੀਦੀ ਸੀ, ਪਰ ਜ਼ਮੀਨ ’ਤੇ ਵੱਡੇ ਘਰਾਣਿਆਂ ਦੇ ਕਬਜ਼ੇ ਹੋਣ ਕਾਰਨ ਪਿੰਡ ਦੇ ਕਈ ਗਰੀਬ ਪਰਿਵਾਰ ਅੱਜ ਵੀ ਰਿਹਾਇਸ਼ੀ ਪਲਾਟਾਂ ਨੂੰ ਤਰਸ ਰਹੇ ਹਨ। ਸਰਕਾਰ ਵਲੋਂ ਖਰੀਦੀ ਗਈ ਇਸ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਮੰਗ ਨੂੰ ਲੈ ਕੇ ਪਿੰਡ ਦੇ ਕਈ ਪਰਿਵਾਰਾਂ ਨੇ ਨਾਇਬ ਤਹਿਸੀਲਦਾਰ ਬਾਬੈਨ ਨੂੰ ਮਿਲ ਕੇ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਮੰਗ ਕੀਤੀ ਹੈ। ਰੋਹ ਵਿਚ ਆਏ ਇਨ੍ਹਾਂ ਪਰਿਵਾਰਾਂ ਨੇ ਅੱਜ ਜ਼ਿਲ੍ਹਾ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਇਸ ਦੌਰਾਨ ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਹਟਾ ਕੇ ਉਨ੍ਹਾਂ ਨੂੰ ਰਿਹਾਇਸ਼ੀ ਪਲਾਟ ਨਾ ਦਿੱਤੇ ਤਾਂ ਉਹ ਪਰਿਵਾਰਾਂ ਸਣੇ ਉਪ ਤਹਿਸੀਲ ਬਾਬੈਨ ਵਿਚ ਬੈਠਣ ਲਈ ਮਜਬੂਰ ਹੋਣਗੇ ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਪਿੰਡ ਵਾਸੀ ਮਨਜੀਤ ਸਿੰਘ, ਸ਼ਰਵਣ ਸਿੰਘ, ਪਾਲਾ ਰਾਮ, ਜੈ ਕੁਮਾਰ, ਜੀਤਾ ਰਾਮ, ਛਜੂ ਰਾਮ, ਸ਼ਿਵ ਚਰਨ ਲਾਲ, ਕਾਂਤਾਂ ਦੇਵੀ, ਮੀਨਾ ਦੇਵੀ, ਕਸ਼ਮੀਰੀ ਦੇਵੀ ਆਦਿ ਕਈ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿੰਡ ਦੀ ਪੰਚਾਇਤ ਕੋਲ ਕੋਈ ਜ਼ਮੀਨ ਨਹੀਂ ਹੈ। ਸੂਬਾ ਸਰਕਾਰ ਨੇ 1986 ਵਿਚ ਪਿੰਡ ਦੇ ਗਰੀਬ ਲੋਕਾਂ ਨੂੰ ਰਿਹਾਇਸ਼ੀ ਪਲਾਟ ਦੇਣ ਲਈ ਪਿੰਡ ਦੇ ਕਿਸਾਨਾਂ ਤੋਂ ਜ਼ਮੀਨ ਖਰੀਦੀ ਸੀ , ਜਿਸ ’ਚ ਕੁਝ ਲੋਕਾਂ ਨੂੰ ਰਿਹਾਹਿਸ਼ੀ ਪਲਾਟ ਵੀ ਅਲਾਟ ਕਰ ਦਿੱਤੇ ਸਨ। ਸਰਕਾਰ ਵਲੋਂ ਖਰੀਦੀ ਜ਼ਮੀਨ ’ਤੇ ਅੱਜ ਵੀ ਪਿੰਡ ਦੇ ਕਈ ਪ੍ਰਭਾਵਸ਼ਾਲੀ ਲੋਕਾਂ ਦੇ ਕਬਜ਼ੇ ਬਰਕਰਾਰ ਹੋਣ ਕਰਕੇ ਉਸ ਵਿਚ ਫਸਲਾਂ ਬੀਜਣ ਕਰਕੇ ਗਰੀਬ ਲੋਕਾਂ ਨੂੰ ਰਿਹਾਇਸ਼ੀ ਪਲਾਟ ਨਹੀਂ ਮਿਲ ਸਕੇ। ਉਨਾਂ ਦਾ ਕਹਿਣਾ ਹੈ ਕਿ ਉਹ ਇਸ ਸਮੱਸਿਆ ਨੂੰ ਲੈ ਕੇ ਉਪ ਮੁੱਖ ਮੰਤਰੀ ਦੁਸ਼ਿਅੰਤ ਸਿੰਘ ਚੌਟਾਲਾ ਨੂੰ ਵੀ ਮਿਲੇ ਸਨ, ਜਿਸ ’ਤੇ ਉਨ੍ਹਾਂ ਨੇ ਰੈਵੇਨਿਊ ਵਿਭਾਗ ਦੇ ਅਧਿਕਾਰੀਆਂ ਨੂੰ ਕਬਜ਼ੇ ਛੁਡਾਉਣ ਲਈ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਸਨ।
ਅਧਿਕਾਰੀਆਂ ਵਲੋਂ ਚੌਟਾਲਾ ਦੇ ਆਦੇਸ਼ ਵੀ ਠੰਢੇ ਬਸਤੇ ਵਿਚ ਪਾ ਦਿੱਤੇ ਹਨ। ਨਾਇਬ ਤਹਿਸੀਲਦਾਰ ਬਲਵਿੰਦਰ ਸਿੰਘ ਦਾ ਕਹਿਣਾ ਕਿ ਪਿੰਡ ਇਸ਼ਰਹੇੜੀ ਵਿੱਚ ਛੇਤੀ ਹੀ ਨਾਜਾਇਜ਼ ਕਬਜ਼ੇ ਹਟਾਉਣ ਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਾਜਾਇਜ਼ ਕਬਜ਼ੇ ਹਟਾਉਣ ਲਈ ਐੱਸਡੀਐੱਮ ਲਾਡਵਾ ਨੂੰ ਡਿਊਟੀ ਮੈਜਿਸਟਰੇਟ ਨਿਯੁਕਤ ਕਰਨ ਲਈ ਪੱਤਰ ਲਿਖਿਆ ਹੈ।