ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 6 ਜੁਲਾਈ
ਸਿਖਿਆ ਵਿਭਾਗ ਵਲੋਂ ਪਿਛਲੇ 60 ਸਾਲਾਂ ਤੋਂ ਵੱਧ ਸਮੇਂ ਤੋਂ ਚਲ ਰਹੇ ਪ੍ਰਾਇਮਰੀ ਸਕੂਲ ਨੂੰ ਬੰਦ ਕਰਨ ਕਰ ਕੇ ਪਿੰਡ ਵਾਸੀਆਂ ’ਚ ਸਿਖਿਆ ਵਿਭਾਗ ਖ਼ਿਲਾਫ਼ ਡੂੰਘਾ ਰੋਸ ਹੈ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਪਿੰਡ ਵਿੱਚ ਚਲ ਰਿਹਾ ਪ੍ਰਾਇਮਰੀ ਸਕੂਲ ਬੰਦ ਨਾ ਕੀਤਾ ਜਾਏ ਤਾਂ ਜੋ ਛੋਟੇ ਬੱਚੇ ਸਿਖਿਆ ਤੋਂ ਵਾਝੇਂ ਨਾ ਰਹਿ ਜਾਣ। ਸਿਖਿਆ ਵਿਭਾਗ ਵਲੋਂ ਜ਼ਿਲ੍ਹੇ ਵਿੱਚ ਉਨਾਂ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਜਿਨ੍ਹਾਂ ’ਚ ਬੱਚੇ ਕਾਫੀ ਘੱਟ ਹਨ। ਇਨ੍ਹਾਂ ਸਕੂਲਾਂ ਦੇ ਅਧਿਆਪਕਾਂ ਦਾ ਵੀ ਤਬਾਦਲਾ ਕਰ ਦਿੱਤਾ ਗਿਆ ਹੈ। ਪਿੰਡ ਦਾ ਪ੍ਰਾਇਮਰੀ ਸਕੂਲ ਬੰਦ ਕਰਨ ਦੇ ਵਿਰੋਧ ਵਿੱਚ ਪਿੰਡ ਦੇ ਲੋਕਾਂ ਨੇ ਸਰੰਪਚ ਪ੍ਰਦੀਪ ਕੁਮਾਰ ਦੀ ਅਗਵਾਈ ਵਿੱਚ ਸਿਖਿਆ ਵਿਭਾਗ ਪ੍ਰਤੀ ਡੂੰਘਾ ਰੋਸ ਪਰਗਟ ਕੀਤਾ। ਸਰਪੰਚ ਦਾ ਕਹਿਣਾ ਹੈ ਕਿ ਸਕੂਲ ਵਿੱਚ ਤਾਇਨਾਤ ਅਧਿਆਪਕਾਂ ਦੀ ਲਾਪ੍ਰਵਾਹੀ ਕਰ ਕੇ ਹੀ ਉਨ੍ਹਾਂ ਦੇ ਪਿੰਡ ਦੇ ਸਕੂਲ ਨੂੰ ਬੰਦ ਕਰਨ ਦੀ ਨੌਬਤ ਆਈ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਅਧਿਆਪਕ ਪੰਚਾਇਤ ਦੇ ਨੋਟਿਸ ਵਿੱਚ ਸਕੂਲ ਵਿਚ ਬੱਚੇ ਘੱਟ ਹੋਣ ਬਾਰੇ ਦੱਸਦੇ ਤਾਂ ਪੰਚਾਇਤ ਕਿਸੇ ਵੀ ਕੀਮਤ ’ਤੇ ਸਕੂਲ ਬੰਦ ਨਾ ਹੋਣ ਦਿੰਦੀ। ਉਨ੍ਹਾਂ ਕਿਹਾ ਕਿ ਪੰਚਾਇਤ ਨੇ 27 ਬੱਚਿਆਂ ਦੇ ਆਨਲਾਈਨ ਦਾਖਲੇ ਕਰਵਾ ਦਿੱਤੇ ਹਨ ਤੇ ਇੰਨੇ ਹੀ ਹੋਰ ਬੱਚੇ ਦਾਖਲਾ ਲੈਣ ਲਈ ਤਿਆਰ ਹਨ। ਉਨ੍ਹਾਂ ਨੇ ਸਿਖਿਆ ਵਿਭਾਗ ਤੋਂ ਸਕੂਲ ਨੂੰ ਫਿਰ ਤੋਂ ਖੋਲ੍ਹਣ ਦੀ ਮੰਗ ਕੀਤੀ ਹੈ। ਬਲਾਕ ਸਿਖਿਆ ਅਧਿਕਾਰੀ ਰਣਬੀਰ ਸਿੰਘ ਰਾਮ ਪੁਰਾ ਦਾ ਕਹਿਣਾ ਹੈ ਕਿ ਭੁਖੜੀ ਪਿੰਡ ਦੇ ਸਕੂਲ ਵਿੱਚ ਬੱਚੇ ਘੱਟ ਹੋਣ ਕਰਕੇ ਸਕੂਲ ਨੂੰ ਬੰਦ ਕੀਤਾ ਗਿਆ ਸੀ। ਜੇਕਰ ਪੰਚਾਇਤ ਸਕੂਲ ਵਿੱਚ ਬੱਚਿਆਂ ਦਾ ਕੋਰਮ ਪੂਰਾ ਕਰਨ ਵਿਚ ਸਹਿਯੋਗ ਕਰਦੀ ਹੈ ਤਾਂ ਉਹ ਸਿਖਿਆ ਵਿਭਾਗ ਨੂੰ ਪਿੰਡ ਵਿੱਚ ਫਿਰ ਸਕੂਲ ਖੋਲ੍ਹਣ ਦੀ ਸਿਫਾਰਿਸ਼ ਭੇਜ ਦੇਣਗੇ।