ਗੁਰੂਗ੍ਰਾਮ, 9 ਅਕਤੂਬਰ
ਹਰਿਆਣਾ ਦੇ ਗੁਰੂਗ੍ਰਾਮ ਵਿੱਚ ਐਤਵਾਰ ਨੂੰ ਮੀਂਹ ਦੇ ਪਾਣੀ ਨਾਲ ਭਰੇ ਤਲਾਬ ਵਿੱਚ ਨਹਾਉਂਦੇ ਹੋਏ ਡੁੱਬਣ ਕਾਰਨ ਛੇ ਬੱਚਿਆਂ ਦੀ ਮੌਤ ਹੋ ਗਈ ਹੈ। ਪੁਲੀਸ ਅਧਿਕਾਰੀਆਂ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਡੁੱਬਣ ਵਾਲੇ ਛੇ ਲੜਕੇ ਹਨ ਤੇ ਉਨ੍ਹਾਂ ਦੀ ਉਮਰ 13 ਸਾਲ ਦੱਸੀ ਜਾ ਰਹੀ ਹੈ। ਸਾਰੇ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਪੁਲੀਸ ਅਨੁਾਸਾਰ ਮ੍ਰਿਤਕਾਂ ਦੀ ਪਛਾਣ ਦੁਰਗੇਸ਼, ਅਜੀਤ, ਰਾਹੁਲ, ਪੀਊਸ਼ ,ਦੇਵਾ ਅਤੇ ਵਰੁਣ ਵਜੋਂ ਹੋਈ ਹੈ। ਸਾਰੇ ਬੱਚੇ ਸ਼ੰਕਰ ਵਿਹਾਰ ਕਲੋਨੀ ਦੇ ਰਹਿਣ ਵਾਲੇ ਸਨ। ਉਹ ਐਤਵਾਰ ਬਾਅਦ ਦੁਪਹਿਰ ਤਲਾਬ ਵਿੱਚ ਨਹਾਉਣ ਲਈ ਗਏ ਸਨ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਵੱਖ-ਵੱਖ ਸੁਰੱਖਿਆ ਟੀਮਾਂ ਨੂੰ ਮੌਕੇ ’ਤੇ ਭੇਜਿਆ ਗਿਆ, ਜਿਨ੍ਹਾਂ ਵੱਲੋਂ 4 ਘੰਟੇ ਤੱਕ ਰੈਸਕਿਊ ਅਪਰੇਸ਼ਨ ਚਲਾਇਆ ਗਿਆ ਅਤੇ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ ਗਿਆ ਹੈ ਤੇ ਸੋਮਵਾਰ ਨੂੰ ਲਾਸ਼ਾਂ ਦਾ ਪੋਸਟਮਾਰਟਮ ਕੀਤਾ ਜਾਵੇਗਾ। ਗੁਰੂਗ੍ਰਾਮ ਦੇ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦੋ-ਦੋ ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ,‘‘ਇਹ ਇੱਕ ਬਹੁਤ ਹੀ ਦੁਖਦਾਈ ਘਟਨਾ ਹੈ, ਅਸੀਂ ਅਜਿਹੇ ਅਸਥਾਈ ਤਲਾਬਾਂ ਦੀ ਪਛਾਣ ਕਰਾਂਗੇ ਤਾਂ ਕਿ ਅਜਿਹਾ ਘਟਨਾ ਨਾ ਵਾਪਰ ਸਕੇ। -ਪੀਟੀਆਈ
ਮੀਂਹ ਦੇ ਪਾਣੀ ’ਚ ਡੁੱਬਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ
ਫਰੀਦਾਬਾਦ (ਪੱਤਰ ਪ੍ਰੇਰਕ): ਇਸ ਸਨਅਤੀ ਤੇ ‘ਸਮਾਰਟ ਸਿਟੀ’ ਵਿੱਚ ਸੜਕਾਂ ਉਪਰ ਮੀਂਹ ਦੇ ਪਾਣੀ ਨੇ ਇੱਕ ਮੋਟਰਸਾਈਕਲ ਸਵਾਰ ਦੀ ਜਾਨ ਲੈ ਲਈ। ਜਾਣਕਾਰੀ ਅਨੁਸਾਰ ਸਵੇਰੇ ਸੈਕਟਰ-21 ਦੇ ‘ਸੀ’ ਬਲਾਕ ਵਿੱਚੋਂ ਇੱਕ ਵਿਅਕਤੀ ਦੀ ਲਾਸ਼ ਪਾਣੀ ਵਿੱਚੋਂ ਮਿਲੀ। ਕੋਲ ਹੀ ਇੱਕ ਮੋਟਰਸਾਈਕਲ ਵੀ ਡਿੱਗਿਆ ਪਿਆ ਸੀ। ਮ੍ਰਿਤਕ ਦੀ ਪਛਾਣ ਮੇਵਲਾ ਮਹਾਰਾਜਪੁਰ ਦੇ ਰਹਿਣ ਵਾਲੇ ਉਪਿੰਦਰ ਵੱਜੋਂ ਹੋਈ ਜੋ ਇੱਥੇ ਕਿਰਾਏ ਉਪਰ ਰਹਿੰਦਾ ਸੀ। ਮੰਨਿਆ ਜਾ ਰਿਹਾ ਹੈ ਕਿ ਉਪਿੰਦਰ ਰਾਤ ਨੂੰ ਮੀਂਹ ਦੇ ਪਾਣੀ ਨਾਲ ਭਰੇ ਟੋਏ ਵਿੱਚ ਮੋਟਰਸਾਈਕਲ ਸਮੇਤ ਡਿੱਗ ਪਿਆ। ਰਾਤ ਹੋਣ ਕਰਕੇ ਕਿਸੇ ਦੀ ਨਜ਼ਰ ਉਪਰ ਉਪਰ ਨਹੀਂ ਪਈ ਤੇ ਸਵੇਰੇ ਲਾਸ਼ ਮਿਲੀ। ਪੁਲੀਸ ਵੱਲੋਂ ਲਾਸ਼ ਨੂੰ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਵਿੱਚ ਰਖਵਾ ਦਿੱਤਾ ਗਿਆ ਤੇ ਸੂਰਜਕੁੰਡ ਥਾਣਾ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸ਼ੁਰੂਆਤੀ ਜਾਂਚ ਦੌਰਾਨ ਪਤਾ ਲੱਗਿਆ ਕਿ ਉਪਿੰਦਰ ਰਾਤ ਸਮੇਂ ਘਰ ਸੈਕਟਰ-21 ਵੱਲ ਜਾਣ ਦਾ ਆਖ ਕੇ ਗਿਆ ਸੀ।
ਸੀਵਰੇਜ ’ਚ ਡਿੱਗਣ ਕਾਰਨ ਔਰਤ ਦੀ ਮੌਤ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਵਾਰਕਾ ਦੇ ਉੱਤਰੀ ਥਾਣਾ ਖੇਤਰ ’ਚ ਸੀਵਰੇਜ ’ਚ ਡਿੱਗਣ ਨਾਲ ਇਕ ਔਰਤ ਦੀ ਮੌਤ ਹੋ ਗਈ। ਪੁਲੀਸ ਨੇ ਐਤਵਾਰ ਨੂੰ ਸੂਚਨਾ ਦਿੱਤੀ। ਪੁਲੀਸ ਮੁਤਾਬਕ ਇਹ ਘਟਨਾ ਦਸਹਿਰੇ ਵਾਲੇ ਦਿਨ ਵਾਪਰੀ ਜਦੋਂ ਸਥਾਨਕ ਰਾਮਲੀਲਾ ਗਰਾਊਂਡ ਨੇੜੇ ਮੇਲਾ ਦੇਖਣ ਆਈ ਮਹਿਲਾ ਖੁੱਲ੍ਹੇ ਸੀਵਰੇਜ ਵਿੱਚ ਡਿੱਗ ਗਈ। ਪੁਲੀਸ ਅਨੁਸਾਰ ਇੱਕ ਔਰਤ ਦੇ ਸੀਵਰੇਜ਼ ਵਿੱਚ ਡਿੱਗਣ ਦੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਪੁਲੀਸ ਨੇ ਉਸ ਨੂੰ ਬਾਹਰ ਕੱਢਿਆ ਅਤੇ ਜਦੋਂ ਤੱਕ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ, ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਧਰ ਪੁਲੀਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਹ ਮੌਤ ਕਿਸ ਦੀ ਅਣਗਹਿਲੀ ਕਾਰਨ ਹੋਈ ਅਤੇ ਸੀਵਰ ਖੁੱਲ੍ਹਾ ਰੱਖਣ ਦਾ ਕੀ ਕਾਰਨ ਸੀ।