ਪ੍ਰਭੂ ਦਿਆਲ
ਸਿਰਸਾ, 25 ਸਤੰਬਰ
ਇਥੋਂ ਦੀ ਪੁਲੀਸ ਨੇ ਇਕ ਸੂਚਨਾ ਦੇ ਅਧਾਰ ’ਤੇ ਇਕ ਨੌਜਵਾਨ ਨੂੰ ਦੋ ਫਰਜ਼ੀ ਨੰਬਰਾਂ ਦੀਆਂ ਬਲੈਰੋ ਗੱਡੀਆਂ ਸਮੇਤ ਕਾਬੂ ਕੀਤਾ ਹੈ। ਫੜੇ ਗਏ ਨੌਜਵਾਨ ਦੀ ਪਛਾਣ ਸੰਦੀਪ ਕੁਮਾਰ ਉਰਫ ਲਾਲੀ ਪਿੰਡ ਕੁੱਸਰ ਵਜੋਂ ਹੋਈ ਹੈ। ਪੁਲੀਸ ਬੁਲਾਰੇ ਨੇ ਦੱਸਿਆ ਹੈ ਕਿ ਪੁਲੀਸ ਦੀ ਇਕ ਟੀਮ ਰਾਣੀਆਂ ਦੇ ਬੱਸ ਅੱਡੇ ਦੇ ਏਰੀਏ ’ਚ ਗਸ਼ਤ ਕਰ ਰਹੀ ਸੀ ਤਾਂ ਇਸੇ ਦੌਰਾਨ ਪੁਲੀਸ ਨੂੰ ਇਕ ਗੁਪਤ ਸੂਚਨਾ ਮਿਲੀ ਕਿ ਸੰਦੀਪ ਕੁਮਾਰ ਨਾਂ ਦਾ ਨੌਜਵਾਨ ਆਪਣੇ ਕੁਝ ਹੋਰ ਸਾਥੀਆਂ ਨਾਲ ਰਲ ਕੇ ਗੱਡੀਆਂ ਦੇ ਰਜਿਸਟਰੇਸ਼ਨ ਨੰਬਰ ਤੇ ਚੈਸੀ ਨੰਬਰ ਬਦਲ ਕੇ ਲੋਕਾਂ ਨੂੰ ਵੇਚ ਕੇ ਉਨ੍ਹਾਂ ਨਾਲ ਧੋਖਾ ਕਰਨ ਦਾ ਕੰਮ ਕਰ ਰਿਹਾ ਹੈ। ਇਸ ਸੂਚਨਾ ਮਗਰੋਂ ਪੁਲੀਸ ਨੇ ਕਾਰਵਾਈ ਕਰਦਿਆਂ ਸੰਦੀਪ ਕੁਮਾਰ ਨੂੰ ਦੋ ਬਲੈਰੋ ਗੱਡੀਆਂ ਸਮੇਤ ਕਾਬੂ ਕੀਤਾ। ਜਦੋਂ ਗੱਡੀਆਂ ਦਾ ਰਜਿਸਟਰੇਸ਼ਨ ਨੰਬਰ ਤੇ ਚੈਸੀ ਨੰਬਰ ਦਾ ਮਿਲਾਨ ਕੀਤਾ ਗਿਆ ਤਾਂ ਉਹ ਫਰਜ਼ੀ ਨਿਕਲੇ।