ਪ੍ਰਭੂ ਦਿਆਲ
ਸਿਰਸਾ, 29 ਅਕਤੂਬਰ
ਨਗਰ ਪਾਲਿਕਾ ਦੇ ਸਫਾਈ ਕਰਮਚਾਰੀ ਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਲਈ ਸ਼ੁਰੂ ਕੀਤੀ ਹੜਤਾਲ ਅੱਜ ਵੀ ਜਾਰੀ ਰਹੀ। ਸਫਾਈ ਕਾਮਿਆਂ ਦੀ ਹੜਤਾਲ ਕਾਰਨ ਸ਼ਹਿਰ ਵਿੱਚ ਕਈ ਥਾਵਾਂ ’ਤੇ ਗੰਦਗੀ ਦੇ ਢੇਰ ਲੱਗ ਗਏ ਹਨ। ਹੜਤਾਲੀ ਕਰਮਚਾਰੀਆਂ ਦੀ ਅਗਵਾਈ ਕਰ ਰਹੇ ਯੂਨੀਅਨ ਦੇ ਪ੍ਰਧਾਨ ਜੈ ਚੰਦ, ਆਤਮਾ ਰਾਮ ਅਤੇ ਰਣਵੀਰ ਫਗੋਡੀਆ ਨੇ ਦੱਸਿਆ ਹੈ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕਈ ਵਾਰ ਗੱਲਬਾਤ ਹੋ ਚੁੱਕੀ ਹੈ ਪਰ ਉਨ੍ਹਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਹੀ ਕੀਤਾ ਜਾ ਰਿਹਾ ਹੈ। ਹੁਣ ਫਿਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਯੂਨੀਅਨ ਦੇ ਆਗੂਆਂ ਨਾਲ ਮੀਟਿੰਗ ਰੱਖੀ ਹੈ, ਜੇ ਮੀਟਿੰਗ ਕਿਸੇ ਤਣ-ਪੱਤਣ ਨਾ ਲੱਗੀ ਤਾਂ ਉਹ ਆਪਣੀ ਹੜਤਾਲ ਨੂੰ ਜਾਰੀ ਰੱਖਣਗ। ਉਨ੍ਹਾਂ ਨੇ ਕਿਹਾ ਕਿ ਸਾਰੇ ਕੱਚੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਏ, ਠੇਕਾ ਪ੍ਰਥਾ ਪੂਰੀ ਤਰ੍ਹਾਂ ਬੰਦ ਕੀਤੀ ਜਾਏ, ਦੋ ਸਾਲ ਦੇ ਤਜਰਬੇ ਦੇ ਆਧਾਰ ’ਤੇ ਸਫਾਈ ਤੇ ਫਾਇਰ ਮੈਨ ਪੱਕੇ ਕੀਤੇ ਜਾਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਏ, ਸਾਰੇ ਮੁਲਾਜ਼ਮਾਂ ਨੂੰ ਸੌ-ਸੌ ਗਜ਼ ਦੇ ਪਲਾਟ ਦੇ ਕੇ ਮਕਾਨ ਬਣਾ ਕੇ ਦਿੱਤੇ ਜਾਣ, ਸਫਾਈ ਕਾਮਿਆਂ ਨੂੰ ਪੰਜ ਹਜ਼ਾਰ ਰੁਪਏ ਜੋਖ਼ਿਮ ਭੱਤਾ ਦਿੱਤਾ ਜਾਏ। ਇਸ ਮੌਕੇ ਨਿਰਮਲਾ ਦੇਵੀ, ਬਿਮਲਾ ਦੇਵੀ, ਸ਼ਾਰਦਾ ਦੇਵੀ, ਮੰਜੂ ਦੇਵੀ ਤੇਸੁਨੀਤਾ ਦੇਵੀ ਸਮੇਤ ਅਨੇਕ ਸਫਾਈ ਤੇ ਫਾਇਰ ਬਿ੍ਗੇਡ ਦੇ ਕਾਮੇ ਮੌਜੂਦ ਸਨ।