ਪ੍ਰਭੂ ਦਿਆਲ
ਸਿਰਸਾ, 29 ਜੁਲਾਈ
ਇਥੇ ਅੱਜ ਇਲਾਕੇ ਵਿੱਚ ਸਾਉਣ ਮਹੀਨੇ ਦਾ ਪਹਿਲਾ ਭਰਵਾ ਮੀਂਹ ਪਿਆ। ਇਸ ਕਾਰਨ ਕਈ ਖੇਤਰਾਂ ਤੋਂ ਇਲਾਵਾ ਖੇਤਾਂ ’ਚ ਪਾਣੀ ਭਰ ਗਿਆ। ਸ਼ਹਿਰੀ ਖੇਤਰ ਦੀਆਂ ਨੀਵੀਆਂ ਥਾਵਾਂ ਪਾਣੀ ਨਾਲ ਭਰ ਗਈਆਂ ਹਨ। ਮੀਂਹ ਪੈਣ ਨਾਲ ਪਿਛਲੇ ਦਿਨਾਂ ਤੋਂ ਪੈ ਰਹੀ ਹੁੰਮਸ ਤੋਂ ਲੋਕਾਂ ਨੂੰ ਜਿਥੇ ਰਾਹਤ ਮਿਲੀ ਹੈ ਉਥੇ ਹੀ ਇਹ ਮੀਂਹ ਸਾਉਣੀ ਫ਼ਸਲ ਲਈ ਕਾਫੀ ਲਾਭਦਾਇਕ ਦੱਸਿਆ ਗਿਆ ਹੈ। ਵੱਖ-ਵੱਖ ਪਿੰਡਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਇਲਾਕੇ ਵਿੱਚ ਦੁਪਹਿਰ ਬਾਅਦ ਭਰਵਾਂ ਮੀਂਹ ਪਿਆ। ਪਿੰਡਾਂ ਦੇ ਲੋਕਾਂ ਨੇ ਦੱਸਿਆ ਹੈ ਕਿ ਮੀਂਹ ਸਾਉਣੀ ਦੀ ਫ਼ਸਲ ਲਈ ਕਾਫੀ ਲਾਭਦਾਇਕ ਹੈ। ਮੀਂਹ ਪੈਣ ਨਾਲ ਨਰਮੇ ਤੇ ਗੁਆਰੇ ਦੀ ਫ਼ਸਲ ਨੂੰ ਜਿਥੇ ਫਾਇਦਾ ਹੋਇਆ ਹੈ, ਉਥੇ ਹੀ ਝੋਨੇ ਵਾਲੇ ਖੇਤਰ ਵਿੱਚ ਇਸ ਦਾ ਝੋਨੇ ਦੀ ਫ਼ਸਲ ਨੂੰ ਕਾਫੀ ਲਾਭ ਮਿਲਿਆ ਹੈ। ਕਿਸਾਨਾਂ ਨੇ ਦੱਸਿਆ ਹੈ ਕਿ ਮੀਂਹ ਨਾਲ ਕਈ ਖੇਤਰਾਂ ਵਿੱਚ ਵੱਟ-ਬੰਨ੍ਹੇ ਟੁੱਟ ਗਏ ਹਨ।