ਪ੍ਰਭੂ ਦਿਆਲ
ਸਿਰਸਾ, 19 ਅਕਤੂਬਰ
ਇਥੋਂ ਦੇ ਪਿੰਡ ਮੌਜਦੀਨ ਦੀ ਰੇਣੂ ਬਾਲਾ ਸਿਵਲ ਜੱਜ ਬਣ ਗਈ ਹੈ। ਰੇਣੂ ਬਾਲਾ ਨੇ ਬੀਸੀਏ ਕੈਟਗਰੀ ’ਚ 11ਵਾਂ ਰੈਂਕ ਪ੍ਰਾਪਤ ਕਰਕੇ ਮਾਪਿਆਂ, ਪਿੰਡ ਤੇ ਜ਼ਿਲ੍ਹੇ ਦਾ ਨਾਂ ਰੋਸ਼ਨ ਕੀਤਾ ਹੈ। ਰੇਣੂ ਬਾਲਾ ਦੇ ਸਿਰ ਤੋਂ ਪਿਤਾ ਦਾ ਸਾਇਆ ਉਠਣ ਮਗਰੋਂ ਉਸ ਦੇ ਮਾਮਾ ਗੁਰਮੇਜ ਸਿੰਘ ਨੇ ਉਸ ਨੂੰ ਪੜ੍ਹਾਇਆ, ਜਿਸ ਦੇ ਸਦਕਾ ਅੱਜ ਉਸ ਨੇ ਇਹ ਮੁਕਾਮ ਹਾਸਲ ਕੀਤਾ ਹੈ। ਰੇਣੂ ਬਾਲਾ ਦੀ ਮਾਤਾ ਗੁਰਮੀਤ ਕੌਰ ਨੇ ਦੱਸਿਆ ਹੈ ਕਿ ਉਸ ਦੇ ਇਕ ਧੀ ਤੇ ਦੋ ਪੁੱਤਰ ਹਨ। ਰੇਣੂ, ਜਦੋਂ ਦੋ ਸਾਲ ਦੀ ਸੀ ਤਾਂ ਉਸ ਤੋਂ ਪਿਓ ਦਾ ਸਾਇਆ ਉੱਠ ਗਿਆ, ਜਿਸ ਮਗਰੋਂ ਉਨ੍ਹਾਂ ’ਤੇ ਮੁਸੀਬਤਾਂ ਦਾ ਪਹਾੜ ਟੁੱਟ ਪਿਆ। ਪਿੰਡ ਠੋਬਰੀਆ ਦੀ ਦੋ ਕਿੱਲੇ ਬਰਾਨੀ ਜ਼ਮੀਨ ’ਚੋਂ ਪਰਿਵਾਰ ਦਾ ਗੁਜ਼ਾਰਾ ਹੋਣਾ ਔਖਾ ਹੋਇਆ ਤਾਂ ਗੁਰਮੇਜ ਸਿੰਘ ਨੇ ਰੇਣੂ ਨੂੰ ਆਪਣੇ ਪਿੰਡ ਲੈ ਆਂਦਾ ਅਤੇ ਆਪਣੇ ਧੀ-ਪੁੱਤਰ ਨਾਲ ਉਸ ਦੀ ਪੜ੍ਹਾਈ ਲਿਖਾਈ ਕਰਵਾਈ।
ਗੁਰਮੇਜ ਸਿੰਘ ਨੇ ਦੱਸਿਆ ਹੈ ਕਿ ਉਹ ਪਿੰਡ ਮੌਜਦੀਨ ਤੋਂ ਕਿਲੋਮੀਟਰ ਦੂਰ ਖੇਤ ਵਿੱਚ ਢਾਣੀ ’ਤੇ ਰਹਿੰਦੇ ਹਨ। ਰੇਣੂ ਬਾਲਾ ਤੋਂ ਇਲਾਵਾ ਉਸ ਦਾ ਇਕ ਪੁੱਤਰ ਤੇ ਇਕ ਧੀ ਹੈ। ਇਨ੍ਹਾਂ ਤਿੰਨਾਂ ਨੇ ਹੀ ਮੁਢਲੀ ਪੜ੍ਹਾਈ ਪਿੰਡ ਦੇ ਸਕੂਲ ਵਿੱਚ ਕੀਤੀ ਹੈ। ਢਾਣੀ ਤੋਂ ਸਕੂਲ ਤਿੰਨ ਬੱਚੇ ਸਾਈਕਲਾਂ ’ਤੇ ਜਾਂਦੇ ਸਨ। ਮਾਮੀ ਕੁਲਵੰਤ ਕੌਰ ਨੇ ਦੱਸਿਆ ਹੈ ਕਿ ਰੇਣੂ ਬਾਲਾ ਤੇ ਉਸ ਦੇ ਦੂਜੇ ਧੀ-ਪੁੱਤਰ ਸਵੇਰੇ ਚਾਰ ਵਜੇ ਪੜ੍ਹਾਈ ਲਈ ਉਠਦੇ ਤਾਂ ਉਹ ਵੀ ਚਾਰ ਵਜੇ ਉਨ੍ਹਾਂ ਨੂੰ ਚਾਹ ਵਗੈਰਾ ਬਣਾ ਕੇ ਦਿੰਦੀ। ਰੇਣੂ ਬਾਲਾ ਤੇ ਦੂਜੇ ਪਰਿਵਾਕ ਮੈਂਬਰ ਛੁੱਟੀ ਵਾਲੇ ਦਿਨ ਉਨ੍ਹਾਂ ਨਾਲ ਖੇਤਾਂ ਵਿੱਚ ਵੀ ਹੱਥ ਵਟਾਉਂਦੇ ਰਹੇ। ਰੇਣੂ ਬਾਲਾ ਨੇ ਦੱਸਿਆ ਹੈ ਕਿ ਪੜ੍ਹਾਈ ਕਰਨ ਵੇਲੇ ਕਾਫੀ ਔਕੜਾਂ ਵੇਖੀਆਂ ਹਨ ਪਰ ਹੁਣ ਮੰਜ਼ਿਲ ਪ੍ਰਾਪਤ ਕਰ ਲਈ ਹੈ ਤੇ ਪਿਛਲੀਆਂ ਔਕੜਾਂ ਹੁਣ ਭੁੱਲ ਜਾਣਗੀਆਂ।