ਪ੍ਰਭੂ ਦਿਆਲ
ਸਿਰਸਾ, 2 ਫਰਵਰੀ
ਇੰਡੀਅਨ ਨੈਸ਼ਨਲ ਲੋਕਦਲ ਮਹਿਲਾ ਵਿੰਗ ਦੀ ਸੂਬਾਈ ਜਨਰਲ ਸਕੱਤਰ ਸੁਨੈਨਾ ਚੌਟਾਲਾ ਨੇ ਕਿਹਾ ਹੈ ਕਿ ਜਿਹੜੀਆਂ ਰਾਜਸੀ ਪਾਰਟੀਆਂ ਨੇ ਮਹਿਲਾਵਾਂ ਨੂੰ ਸਨਮਾਨ ਨਹੀਂ ਦਿੱਤਾ, ਉਨ੍ਹਾਂ ਦਾ ਬੇੜਾ ਗਰਕ ਹੁੰਦਾ ਰਿਹਾ ਹੈ। ਭਾਜਪਾ ਸਰਕਾਰ ਵੀ ਮਹਿਲਾਵਾਂ ਨੂੰ ਸਨਮਾਨ ਨਹੀਂ ਦੇ ਰਹੀ ਹੈ। ਉਹ ਅੱਜ ਪਿਛਲੇ 57 ਦਿਨਾਂ ਤੋਂ ਆਪਣੀਆਂ ਮੰਗਾਂ ਲਈ ਮਿੰਨੀ ਸਕੱਤਰੇਤ ’ਚ ਧਰਨਾ ਦੇ ਰਹੀਆਂ ਆਂਗਣਵਾੜੀ ਵਰਕਰਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਇੰਡੀਅਨ ਨੈਸ਼ਨਲ ਲੋਕਦਲ ਆਂਗਣਵਾੜੀ ਵਰਕਰਾਂ ਦੀ ਹਮਾਇਤ ਕਰਦਾ ਹੈ। ਵਿਧਾਇਕ ਅਭੈ ਸਿੰਘ ਚੌਟਾਲਾ ਵੱਲੋਂ ਆਂਗਣਵਾੜੀ ਵਰਕਰਾਂ ਦੀਆਂ ਮੰਗਾਂ ਵਿਧਾਨ ਸਭਾ ’ਚ ਵੀ ਚੁੱਕੀਆਂ ਜਾਣਗੀਆਂ ਤੇ ਇਨੈਲੋ ਦੀ ਸਰਕਾਰ ਬਣਨ ’ਤੇ ਆਂਗਣਵਾੜੀ ਵਰਕਰਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ।