ਪ੍ਰਭੂ ਦਿਆਲ
ਸਿਰਸਾ, 22 ਅਕਤੂਬਰ
ਇਥੋਂ ਦੀ ਪੁਲੀਸ ਨੇ ਡਿੰਗ ਮੋੜ ਨੇੜਿਓਂ ਦੋ ਨੌਜਵਾਨਾਂ ਨੂੰ ਕਿਲੋ ਹੈਰੋਇਨ ਸਮੇਤ ਕਾਬੂ ਕੀਤਾ ਹੈ। ਫੜੇ ਨੌਜਵਾਨਾਂ ਦੀ ਪਛਾਣ ਗੁਲਾਮ ਨਬੀ ਉਰਫ਼ ਗਮੀ ਵਾਸੀ ਭੂਰਾਨਪੁਰਾ ਅਤੇ ਸੱਦਾਮ ਵਾਸੀ ਤਲਵਾੜਾ ਝੀਲ ਜ਼ਿਲ੍ਹਾ ਹਨੂਮਾਨਗੜ੍ਹ ਰਾਜਸਥਾਨ ਵਜੋਂ ਕੀਤੀ ਗਈ ਹੈ। ਜ਼ਿਲ੍ਹਾ ਪੁਲੀਸ ਮੁਖੀ ਡਾ. ਅਰਪਿਤ ਜੈਨ ਨੇ ਦੱਸਿਆ ਹੈ ਕਿ ਪੁਲੀਸ ਦੀ ਟੀਮ ਡਿੰਗ ਮੋੜ ਨੇੜੇ ਗਸ਼ਤ ਕਰ ਰਹੀ ਸੀ ਤਾਂ ਇਸੇ ਦੌਰਾਨ ਫਤਿਹਾਬਾਦ ਵੱਲੋਂ ਆਉਂਦੀ ਬੱਸ ਤੋਂ ਦੋ ਯਾਤਰੀ ਉੱਤਰੇ ਤੇ ਪੁਲੀਸ ਦੀ ਟੀਮ ਨੂੰ ਵੇਖ ਕੇ ਖਿਸਕਣ ਦੀ ਕੋਸ਼ਿਸ਼ ਕਰਨ ਲੱਗੇ, ਜਦੋਂ ਪੁਲੀਸ ਨੇ ਉਨ੍ਹਾਂ ਨੂੰ ਕਾਬੂ ਕਰਕੇ ਮੈਜਿਸਟਰੇਟ ਦੀ ਹਾਜ਼ਰੀ ’ਚ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ ਹੈਰੋਇਨ ਮਿਲੀ। ਜਿਹੜੀ ਤੋਲਣ ’ਤੇ ਇਕ ਕਿਲੋ ਬਣੀ। ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ। ਗੁਲਾਮ ਨਬੀ ਖ਼ਿਲਾਫ਼ ਪਹਿਲਾਂ ਹੀ ਤਸਕਰੀ ਦੇ ਦੋ ਕੇਸ ਦਰਜ ਹਨ। ਉਨ੍ਹਾਂ ਨੇ ਦੱਸਿਆ ਹੈ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲੈਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਜੋ ਨਸ਼ਾ ਤਸਕਰੀ ਨਾਲ ਜੁੜੇ ਹੋਰ ਲੋਕਾਂ ਦਾ ਪਤਾ ਲਾ ਕੇ ਉਨ੍ਹਾਂ ਨੂੰ ਕਾਬੂ ਕੀਤਾ ਜਾ ਸਕੇ।