ਪ੍ਰਭੂ ਦਿਆਲ
ਸਿਰਸਾ, 15 ਅਕਤੂਬਰ
ਸੰਯੁਕਤ ਕਿਸਾਨ ਮੋਰਚਾ ਦੇ ਬੈਨਰ ਹੇਠ ਲਖੀਮਪੁਰ ਖੀਰੀ ’ਚ ਸ਼ਹੀਦ ਹੋਏ ਕਿਸਾਨਾਂ ਦੀਆਂ ਅਸਥੀਆਂ ਨੂੰ ਪਿੰਡ ਪਿੰਡ ਲੈ ਕੇ ਜਾਣ ਦੇ ਦਿੱਤੇ ਸੱਦੇ ’ਤੇ ਭਲਕੇ ਸਿਰਸਾ ਦੇ ਪਿੰਡ ਗੰਗਾ ਤੋਂ ਅਸਥੀਆਂ ਨੂੰ ਲੈ ਕੇ ਯਾਤਰਾ ਦਿੱਲੀ ਦੇ ਟਿਕਰੀ ਬਾਰਡਰ ਲਈ ਰਵਾਨਾ ਹੋਵੇਗੀ। ਇਹ ਯਾਤਰਾ ਹਰਿਆਣਾ ਦੇ ਵੱਖ-ਵੱਖ ਪਿੰਡਾਂ ਵਿਚੋਂ ਹੁੰਦੀ ਹੋਈ ਟਿਕਰੀ ਬਾਰਡਰ ਪਹੁੰਚੇਗੀ। ਭਾਰਤੀ ਕਿਸਾਨ ਏਕਤਾ ਦੇ ਸੂਬਾਈ ਪ੍ਰਧਾਨ ਲਖਵਿੰਦਰ ਸਿੰਘ ਔਲਖ ਨੇ ਦੱਸਿਆ ਹੈ ਕਿ ਲਖੀਮਪੁਰ ਖੀਰੀ ’ਚ ਸ਼ਹੀਦ ਹੋਏ ਕਿਸਾਨਾਂ ਦੀਆਂ ਅਸਥੀਆਂ ਲੈ ਕੇ ਕਿਸਾਨ ਸਿਰਸਾ ਪੁੱਜ ਗਏ ਹਨ। ਇਹ ਯਾਤਰਾ 16 ਅਕਤੂਬਰ ਨੂੰ ਸਿਰਸਾ ਦੇ ਪਿੰਡ ਗੰਗਾ ਤੋਂ ਸ਼ੁਰੂ ਹੋਵੇਗੀ, ਜਿਹੜੀ ਡੱਬਵਾਲੀ ਹੁੰਦੀ ਹੋਈ ਖੁਈਆਂ ਟੌਲ ਪਲਾਜ਼ਾ, ਕਾਲਾਂਵਾਲੀ, ਔਢਾਂ, ਪੰਜੂਆਣਾ, ਖਾਰੀਆਂ, ਰਾਣੀਆਂ, ਸ਼ਹੀਦ ਭਗਤ ਸਿੰਘ ਸਟੇਡੀਅਮ, ਟੌਲ ਪਲਾਜ਼ਾ ਭਾਵਦੀਨ ਹੁੰਦੀ ਹੋਈ ਫਤਿਹਾਬਾਦ ਜ਼ਿਲ੍ਹੇ ਵਿੱਚ ਦਾਖ਼ਲ ਹੋਵੇਗੀ। ਇਸ ਯਾਤਰਾ ਵਿੱਚ ਕਿਸਾਨਾਂ ਤੋਂ ਇਲਾਵਾ ਮਜ਼ਦੂਰ, ਨੌਜਵਾਨ, ਵਿਦਿਆਰਥੀ ਤੇ ਕਰਮਚਾਰੀ ਸ਼ਾਮਲ ਹੋਣਗੇ।