ਪ੍ਰਭੂ ਦਿਆਲ
ਸਿਰਸਾ, 12 ਮਾਰਚ
ਜਨ ਨਾਇਕ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਜੈ ਸਿੰਘ ਚੌਟਾਲਾ ਨੇ ਕਿਹਾ ਹੈ ਕਿ ਲੋਕਤੰਤਰ ’ਚ ਜਨਸ਼ਕਤੀ ਹੀ ਸਭ ਤੋਂ ਵੱਡੀ ਸ਼ਕਤੀ ਹੈ। ਲੋਕਤੰਤਰ ’ਚ ਜੋ ਜਨਤਾ ਦੇ ਵਿੱਚ ਰਹੇ ਕੇ ਕੰਮ ਕਰੇਗਾ, ਲੋਕ ਉਸ ਨੂੰ ਹੀ ਕਾਮਯਾਬ ਕਰਨਗੇ। ਪੰਜਾਬ ’ਚ ਜਿਹੜੇ ਨੇਤਾ ਲੋਕਾਂ ’ਚ ਨਹੀਂ ਰਹੇ ਤੇ ਲੋਕਾਂ ਦਾ ਕੰਮ ਨਹੀਂ ਕੀਤਾ, ਹੁਣ ਲੋਕਾਂ ਨੇ ਉਨ੍ਹਾਂ ਨੂੰ ਸਬਕ ਸਿਖਾਇਆ ਹੈ। ਹਰਿਆਣਾ ਵਿੱਚ ਵੀ ਜਿਹੜੇ ਲੋਕ ਦੋਗਲੀ ਬੋਲੀ ਬੋਲਦੇ ਹਨ, ਲੋਕ ਉਨ੍ਹਾਂ ਨੂੰ ਵੀ ਸਬਕ ਸਿਖਾਉਣਗੇ। ਉਹ ਅੱਜ ਆਪਣੇ ਨਿਵਾਸ ’ਤੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਸ੍ਰੀ ਚੌਟਾਲਾ ਨੇ ਪੰਜਾਬ ਚੋਣਾਂ ’ਚ ਅਕਾਲੀ ਦਲ ਦਾ ਪ੍ਰਚਾਰ ਕਰਨ ਗਏ ਆਪਣੇ ਭਰਾ ਦਾ ਨਾਂ ਲਏ ਬਿਨ੍ਹਾਂ ਕਿਹਾ ਕਿ ਜਿਹੜੇ ਲੋਕ ਪੰਜਾਬ ’ਚ ਹੋਰ ਬੋਲੀ ਬੋਲਦੇ ਹਨ ਤੇ ਹਰਿਆਣਾ ਵਿੱਚ ਕੁਝ ਹੋਰ ਕਹਿੰਦੇ ਹਨ, ਹੁਣ ਉਨ੍ਹਾਂ ਦਾ ਹਰਸ਼ ਵੀ ਪੰਜਾਬ ਦੇ ਉਨ੍ਹਾਂ ਨੇਤਾਵਾਂ ਵਰਗਾ ਹੋਵੇਗਾ। ਪੰਜਾਬ ਤੋਂ ਬਾਅਦ ਹਰਿਆਣਾ ਵਿੱਚ ‘ਆਪ’ ਦੇ ਪ੍ਰਸਾਰ ਬਾਰੇ ਉਨ੍ਹਾਂ ਨੇ ਆਖਿਆ ਕਿ ਆਪ ਦਾ ਹਰਿਆਣਾ ਵਿੱਚ ਕੋਈ ਆਧਾਰ ਨਹੀਂ ਹੈ। ਪੰਜਾਬ ਤੇ ਹਰਿਆਣਾ ਦੀਆਂ ਸਥਿਤੀਆਂ ਵੱਖ-ਵੱਖ ਹਨ। ਇਸ ਤੋਂ ਪਹਿਲਾਂ ਲੋਕਾਂ ਦੀਆਂ ਸਮੱਸਿਆਵਾਂ ਸੁਣਦਿਆਂ ਉਨ੍ਹਾਂ ਨੇ ਪਿੰਡਾਂ ਤੇ ਸ਼ਹਿਰਾਂ ਵਿੱਚ ਜਜਪਾ ਦੀ ਮੈਂਬਰਸ਼ਿਪ ਕੀਤੇ ਜਾਣ ’ਤੇ ਜ਼ੋਰ ਦਿੱਤਾ। ਇਸ ਮੌਕੇ ’ਤੇ ਜਜਪਾ ਦੇ ਕਈ ਨੇਤਾ ਤੇ ਕਾਰਕੁਨ ਮੌਜੂਦ ਸਨ।