ਪ੍ਰਭੂ ਦਿਆਲ
ਸਿਰਸਾ, 11 ਮਈ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸਿਰਸਾ ’ਚ ਡੇਢ ਸੌ ਬੈੱਡ ਵਾਲੇ ਕੋਵਿਡ ਕੇਅਰ ਸੈਂਟਰ ਦਾ ਵਰਚੂਅਲ ਉਦਘਾਟਨ ਕੀਤਾ ਹੈ। ਇਹ ਕੋਵਿਡ ਕੇਅਰ ਸੈਂਟਰ ਸ੍ਰੀ ਤਾਰਾ ਬਾਬਾ ਚੈਰੀਟੇਬਲ ਤੇ ਸਿਰਸਾ ਦੇ ਵਿਧਾਇਕ ਦੇ ਹਲੋਪਾ ਦੇ ਬਾਨੀ ਗੋਪਾਲ ਕਾਂਡਾ ਵੱਲੋਂ ਸਿਰਫ ਦਸ ਦਿਨਾਂ ’ਚ ਤਿਆਰ ਕਰਵਾਇਆ ਗਿਆ ਹੈ। ਹਸਪਤਾਲ ਵਿੱਚ ਮਰੀਜ਼ਾਂ ਲਈ ਅਤਿ ਆਧੁਨਿਕ ਸੁਵਿਧਾਵਾਂ ਮੁਹੱਈਆ ਕਰਵਾਏ ਜਾਣ ਦਾ ਦਾਅਵਾ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਆਕਸੀਜਨ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਕੋਵਿਡ ਮਰੀਜ਼ਾਂ ਦੇ ਇਲਾਜ ਲਈ ਹਰ ਤਰ੍ਹਾਂ ਦੀਆਂ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਪੇਂਡੂ ਖੇਤਰ ਵਿੱਚ ਕਰੋਨਾ ਲਾਗ ਦੇ ਮਾਮਲੇ ਵੱਧ ਰਹੇ ਹਨ। ਹੁਣ ਪਿੰਡਾਂ ਵਿੱਚ ਠੀਕਰੀ ਪਹਿਰਾ ਲਾ ਕੇ ਨਿਗਰਾਨੀ ਰੱਖੀ ਜਾਵੇਗੀ। ਹੁਣ ਪਿੰਡਾਂ ਵਿੱਚ ਵੀ ਆਈਸੋਲੇਸ਼ਨ ਵਾਰਡ ਸਥਾਪਿਤ ਕੀਤੇ ਜਾਣਗੇ। ਇਸ ਮੌਕੇ ’ਤੇ ਸਿਰਸਾ ਤੋਂ ਹਲੋਪਾ ਦੇ ਵਿਧਾਇਕ ਗੋਪਾਲ ਕਾਂਡਾ, ਸ੍ਰੀ ਤਾਰਾ ਬਾਬਾ ਕੁਟੀਆ ਦੇ ਮੁੱਖ ਸੇਵਕ ਗੋਬਿੰਦ ਕਾਂਡਾ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਆਦਿਤਿਆ ਦੇਵੀਲਾਲ, ਨਗਰ ਪਰਿਸ਼ਦ ਦੇ ਚੇਅਰਪਰਸਨ ਰੀਝਾ ਰਾਠੀ, ਸਾਬਕਾ ਚੇਅਰਮੈਨ ਰੇਣੂ ਸ਼ਰਮਾ, ਪਦਮ ਜੈਨ ਤੇ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸਨ।