ਪ੍ਰਭੂ ਦਿਆਲ
ਸਿਰਸਾ, 19 ਮਈ
ਇਥੋਂ ਦੇ ਪੰਚਾਇਤ ਭਵਨ ’ਚ ਦੁੱਖ ਨਿਵਾਰਣ ਸਮਿਤੀ ਦੀ ਮਾਸਿਕ ਮੀਟਿੰਗ ’ਚ ਲੋਕਾਂ ਦੀਆਂ ਸ਼ਿਕਾਇਤਾਂ ਸੁਣਦਿਆਂ ਸ਼ਹਿਰੀ ਵਿਕਾਸ ਮੰਤਰੀ ਡਾ. ਕਮਲ ਗੁਪਤਾ ਨੇ ਅਧਿਕਾਰੀਆਂ ਨੂੰ ਚਿਤਾਨੀ ਦਿੱਤੀ ਹੈ ਕਿ ਜੇ ਉਨ੍ਹਾਂ ਨੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਹੀ ਤਰੀਕੇ ਨਾਲ ਨਾ ਸੁਣਿਆਂ ਤਾਂ ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਮੀਟਿੰਗ ਦੌਰਾਨ ਛੇ ਸ਼ਿਕਾਇਤਾਂ ਦਾ ਮੌਕੇ ’ਤੇ ਨਬਿੇੜਾ ਕੀਤਾ ਗਿਆ, ਜਦੋਂਕਿ ਚਾਰ ਸ਼ਿਕਾਇਤਾਂ ਅਗਲੀ ਮੀਟਿੰਗ ’ਚ ਫੈਸਲ ਲਈ ਰਾਖਵੀਆਂ ਰੱਖ ਲਈਆਂ ਗਈਆਂ। ਮੀਟਿੰਗ ’ਚ ਡਿਪਟੀ ਕਮਿਸ਼ਨਰ ਅਜੈ ਸਿੰਘ ਤੌਮਰ, ਐੱਸਪੀ ਡਾ. ਅਰਪਿਤ ਜੈਨ, ਐੱਸਡੀਐੱਮ ਜੈਵੀਰ ਯਾਦਵ ਤੋਂ ਇਲਾਵਾ ਦੁੱਖ ਨਿਵਾਰਣ ਸਮਿਤੀ ਦੇ ਮੈਂਬਰ ਮੌਜੂਦ ਸਨ। ਇਸ ਦੌਰਾਨ ਕਈ ਹੋਰ ਲੋਕਾਂ ਨੇ ਆਪਣੀਆਂ ਸ਼ਿਕਾਇਤਾਂ ਮੰਤਰੀ ਕੋਲ ਰੱਖੀਆਂ। ਮੀਟਿੰਗ ਦੌਰਾਨ ਸ਼ਹਿਰ ਵਿੱਚ ਪੀਣ ਦਾ ਪਾਣੀ ਲੋਕਾਂ ਨੂੰ ਨਾ ਮਿਲਣ ’ਤੇ ਸਬੰਧਤ ਅਧਿਕਾਰੀਆਂ ਦੀ ਖਿਚਾਈ ਕਰਦਿਆਂ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਪੀਣ ਦਾ ਪਾਣੀ ਹਰ ਹਾਲਾਤ ’ਚ ਮੁਹੱਈਆ ਕਰਵਾਇਆ ਜਾਏ, ਭਾਵੇਂ ਅਧਿਕਾਰੀਆਂ ਨੂੰ ਪਾਣੀ ਕਿਤੋਂ ਵੀ ਕਿਉਂ ਨਾ ਲਿਆਉਣਾ ਪਵੇ।