ਪ੍ਰਭੂ ਦਿਆਲ
ਸਿਰਸਾ, 21 ਅਗਸਤ
ਸੰਸਦ ਮੈਂਬਰ ਦੀਪਿੰਦਰ ਹੁੱਡਾ ਨੇ ਕਿਹਾ ਹੈ ਕਿ ਭਾਜਪਾ ਸਰਕਾਰ ਦੱਸੇ ਕਿ ਉਸ ਕੋਲ ਕਿਹੜੀ ਮਸ਼ੀਨ ਹੈ, ਜਿਸ ਨਾਲ ਭਾਜਪਾ ’ਚ ਸ਼ਾਮਲ ਹੋਣ ਵਾਲੇ ਨੇਤਾ ਦਾ ਕਾਲਾ ਧਨ ਸਫੈਦ ਹੋ ਜਾਂਦਾ ਹੈ। ਕਾਲਾ ਧਨ ਵਾਪਸ ਲਿਆਉਣ ਦੀ ਬਜਾਏ ਭਾਜਪਾ ਕਾਲੇ ਧਨ ਵਾਲਿਆਂ ਨੂੰ ਪਾਰਟੀ ਵਿੱਚ ਸ਼ਾਮਲ ਕਰ ਰਹੀ ਹੈ। ਵਿਰੋਧੀਆਂ ਦੇ ਖ਼ਿਲਾਫ਼ ਸੀਬੀਆਈ ਤੇ ਈਡੀ ਦੀ ਵਰਤੋਂ ਕਰਕੇ ਉਨ੍ਹਾਂ ਨੂੰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕਿਹਾ ਕਿ ਜਿਸ ਤਰ੍ਹਾਂ ਭਾਜਪਾ ਦਾ ਯੁਵਾ ਮੋਰਚਾ, ਮਹਿਲਾ ਮੋਰਚਾ ਹੈ, ਉਸੇ ਤਰ੍ਹਾਂ ਇਸ ਦੇ ਤਿੰਨ ਹੋਰ ਮੋਰਚੇ ਈਡੀ, ਸੀਬੀਆਈ ਤੇ ਆਮਦਨ ਟੈਕਸ ਹਨ। ਇਹ ਤਿੰਨੇ ਹੋਰਾਂ ਲੋਕਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਲਈ ਮਜਬੂਰ ਕਰ ਰਹੇ ਹਨ। ਉਨ੍ਹਾਂ ਨੇ ਹਰਿਆਣਾ ਦੀ ਭਾਜਪਾ-ਜਜਪਾ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਸਰਕਾਰ ਹਰ ਮੋਰਚੇ ’ਚ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ। ਇਸ ਮੌਕੇੇ ’ਤੇ ਵਿਧਾਇਕ ਸ਼ੀਸ਼ਪਾਲ ਕੇਹਰਵਾਲਾ, ਵਿਧਾਇਕ ਨੀਰਜ ਸ਼ਰਮਾ, ਡਾ. ਕੇਵੀ ਸਿੰਘ, ਸਾਬਕਾ ਮੰਤਰੀ ਸੁਭਾਸ਼ ਗੋਇਲ, ਸਾਬਕਾ ਐੱਮਪੀ ਸੁਸ਼ੀਲ ਇੰਦੌਰਾ, ਸਾਬਕਾ ਵਿਧਾਇਕ ਭਰਤ ਸਿੰਘ ਬੈਨੀਵਾਲ, ਸਾਬਕਾ ਵਿਧਾਇਕ ਪ੍ਰਹਿਲਾਦ ਸਿੰਘ ਗਿਲਾਖੇੜਾ, ਡਾ. ਸੁਭਾਸ਼ ਜੋਧਪੁਰੀਆ, ਨਵੀਨ ਕੇਡੀਆ, ਰਾਜ ਕੁਮਾਰ ਸ਼ਰਮਾ ਸਮੇਤ ਕਈ ਕਾਂਗਰਸੀ ਆਗੂ ਮੌਜੂਦ ਸਨ।