ਪ੍ਰਭੂ ਦਿਆਲ
ਸਿਰਸਾ, 28 ਅਪਰੈਲ
ਹਰਿਆਣਾ ਰੋਡਵੇਜ਼ ਸਾਂਝਾ ਮੋਰਚਾ ਦੇ ਸੱਦੇ ’ਤੇ ਮੁਲਾਜ਼ਮਾਂ ਵੱਲੋਂ ਸੂਬਾ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ 28-29 ਮਾਰਚ ਦੀ ਹੜਤਾਲ ਦੌਰਾਨ ਮੁਲਾਜ਼ਮਾਂ ’ਤੇ ਦਰਜ ਕੀਤੇ ਝੂਝੇ ਮੁਕਦਮੇ ਰੱਦ ਕਰਨ ਦੀ ਮੰਗ ਕੀਤੀ। ਪ੍ਰਦਰਸ਼ਨ ਮਗਰੋਂ ਰੋਡਵੇਜ਼ ਆਗੂਆਂ ਦਾ ਵਫ਼ਦ ਐੱਸਪੀ ਨੂੰ ਵੀ ਮਿਲਿਆ। ਮਿੰਨੀ ਸਕੱਤਰੇਤ ਵਿੱਚ ਐੱਸਪੀ ਨੂੰ ਮਿਲਣ ਆਏ ਰੋਡਵੇਜ਼ ਕਰਮਚਾਰੀ ਸੰਘ ਦੇ ਜ਼ਿਲ੍ਹਾ ਪ੍ਰਧਾਨ ਮਦਨ ਲਾਲ ਖੋਥ, ਸੁਰਜੀਤ ਅਰੋੜਾ, ਰਮੇਸ਼ ਸਵਾਮੀ, ਰਿਛਪਾਲ ਸਿੰਘ, ਭੂਪ ਮੰਗਾਲੀਆ, ਰਾਕੇਸ਼ ਸਟੇਨੋ, ਦੇਵੀ ਲਾਲ, ਅਮਰਜੀਤ ਫੌਜੀ, ਕੀਮਤ ਹਾਂਡਾ ਨੇ ਦੱਸਿਆ ਕਿ ਟਰੇਡ ਯੂਨੀਅਨ ਦੇ ਸੱਦ ’ਤੇ 28-29 ਮਾਰਚ ਦੀ ਦੇਸ਼ ਵਿਆਪੀ ਹੜਤਾਲ ਦੌਰਾਨ ਕੁਝ ਕਰਮਚਾਰੀਆਂ ’ਤੇ ਸਿਵਲ ਲਾਈਨ ਥਾਣਾ ਸਿਰਸਾ ਤੇ ਡੱਬਵਾਲੀ ’ਚ ਕੇਸ ਦਰਜ ਕੀਤਾ ਗਿਆ। ਪੁਲੀਸ ਨੇ ਸਰਕਾਰ ਦੀ ਸ਼ਹਿ ’ਤੇ ਸੰਗੀਨ ਧਾਰਾਵਾਂ ਲਾ ਕੇ ਕਰਮਚਾਰੀ ਆਗੂਆਂ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ, ਜਿਸ ਕਾਰਨ ਕਰਮਚਾਰੀਆਂ ਵਿੱਚ ਭਾਰੀ ਰੋਹ ਹੈ। ਉਨ੍ਹਾਂ ਨੇ ਕਿਹਾ ਕਿ ਪੁਲੀਸ ਵੱਲੋਂ ਇਸ ਮਾਮਲੇ ’ਚ ਬਿਨਾਂ ਜਾਂਚ ਪੜਤਾਲ ਦੇ ਕਾਰਵਾਈ ਕੀਤੀ ਜਾ ਰਹੇ ਹੈ। ਕਰਮਚਾਰੀਆਂ ਵੱਲੋਂ ਵਾਰ ਵਾਰ ਕਹਿਣ ਦੇ ਬਾਵਜੂਦ ਇਸ ਮਾਮਲੇ ਦੀ ਜਾਂਚ ਨਹੀਂ ਕਰਵਾਈ ਜਾ ਰਹੀ। ਉਨ੍ਹਾਂ ਨੇ ਕਿਹਾ ਕਿ ਜੇ ਝੂਠੇ ਮੁਕੱਦਮੇ ਰੱਦ ਨਹੀਂ ਕੀਤੇ ਤਾਂ ਸਰਵ ਕਰਮਚਾਰੀ ਸੰਘ ਦੇ ਬੈਨਰ ਹੇਠ ਕਰਮਚਾਰੀ ਇਕ ਮਈ ਤੋਂ ਬੇਮਿਆਦੀ ਹੜਤਾਲ ਸ਼ੁਰੂ ਕਰ ਦੇਣਗੇ।