ਪ੍ਰਭੂ ਦਿਆਲ
ਸਿਰਸਾ, 26 ਅਗਸਤ
ਗੁਲਾਬੀ ਸੁੰਡੀ ਨਾਲ ਨੁਕਸਾਨੀਆਂ ਫ਼ਸਲਾਂ ਦੇ ਮੁਆਵਜ਼ੇ ਸਮੇਤ ਹੋਰ ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਤੇ ਬਿਜਲੀ ਮੰਤਰੀ ਰਣਜੀਤ ਚੌਟਾਲਾ ਦੇ ਘਰ ਅੱਗੇ ਦੋ ਰੋਜ਼ਾ ਧਰਨਾ ਦਿੱਤਾ। ਧਰਨੇ ’ਤੇ ਬੈਠੇ ਆਗੂਆਂ ਨੇ ਦੋ ਦਿਨ ਅੰਨ ਦਾ ਦਾਣਾ ਮੂੰਹ ’ਚ ਨਹੀਂ ਪਾਇਆ। ਧਰਨਾ ਦੇ ਰਹੇ ਕਿਸਾਨ ਆਗੂਆਂ ਦਾ ਪ੍ਰਣ ਸੀ ਕਿ ਜੇ ਮੰਤਰੀ ਧਰਨਾਕਾਰੀਆਂ ਲਈ ਖਾਣਾ ਭੇਜਣਗੇ ਤਾਂ ਉਹ ਖਾਣਾ ਖਾਣਗੇ ਨਹੀਂ ਤਾਂ ਭੁੱਖਿਆਂ ਹੀ ਧਰਨਾ ਦੇਣਗੇ। ਕਿਸਾਨ ਆਗੂਆਂ ਨੂੰ ਭੁੱਖਿਆਂ ਦੀ ਦਿਨ ਰਾਤ ਧਰਨਾ ਦੇਣਾ ਪਿਆ। ਧਰਨੇ ਦੀ ਅਗਵਾਈ ਕਰ ਰਹੇ ਸਿਕੰਦਰ ਸਿੰਘ ਰੋੜੀ, ਭੁਪਿੰਦਰ ਸਿੰਘ ਵੈਦਵਾਲਾ, ਮੈਕਸ ਸਾਹੂਵਾਲਾ ਨੇ ਦੱਸਿਆ ਕਿ ਕਿਹਾ ਕਿ ਜਦੋਂ ਮੰਤਰੀ ਪਿੰਡਾਂ ’ਚ ਜਾਂਦੇ ਹਨ ਤਾਂ ਲੋਕਾਂ ਵੱਲੋਂ ਉਨ੍ਹਾਂ ਦਾ ਜਿਥੇ ਸਵਾਗਤ ਕੀਤਾ ਜਾਂਦਾ ਹੈ ਉਥੇ ਹੀ ਉਨ੍ਹਾਂ ਲਈ ਖਾਣ-ਪੀਣ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੈ ਪਰ ਹੁਣ ਕਿਸਾਨ ਆਪਣੇ ਦੁੱਖੜੇ ਮੰਤਰੀਆਂ ਨੂੰ ਦੱਸਣ ਲਈ ਉਨ੍ਹਾਂ ਦੇ ਦਰ ’ਤੇ ਆਏ ਹਨ ਪਰ ਮੰਤਰੀਆਂ ਵੱਲੋਂ ਉਨ੍ਹਾਂ ਦੀ ਸਾਰ ਤੱਕ ਨਹੀਂ ਲਈ ਗਈ। ਕਿਸਾਨ ਆਗੂਆਂ ਨੇ ਕਿਹਾ ਕਿ ਉਹ ਕਿਸਾਨਾਂ ਦੀਆਂ ਮੰਗਾਂ ਦੀ ਪੂਰਤੀ ਲਈ ਹੋਰ ਤਿੱਖੇ ਅੰਦੋਲਨ ਕਰਨਗੇ। ਇਸ ਮੌਕੇ ’ਤੇ ਵੱਡੀ ਗਿਣਤੀ ’ਚ ਵੱਖ-ਵੱਖ ਪਿੰਡਾਂ ਦੇ ਕਿਸਾਨ ਮੌਜੂਦ ਸਨ।