ਪ੍ਰਭੂ ਦਿਆਲ
ਸਿਰਸਾ, 12 ਜਨਵਰੀ
ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਤੇ ਬਿਜਲੀ ਮੰਤਰੀ ਚੌਧਰੀ ਰਣਜੀਤ ਸਿੰਘ ਦੇ ਅਸਤੀਫ਼ਿਆਂ ਦੀ ਮੰਗ ਨੂੰ ਲੈ ਕੇ ਤਿੰਨ ਮਹੀਨਿਆਂ ਤੋਂ ਸ਼ਹੀਦ ਭਗਤ ਸਿੰਘ ਸਟੇਡੀਅਮ ’ਚ ਕਿਸਾਨਾਂ ਵੱਲੋਂ ਲਾਇਆ ਗਿਆ ਪੱਕਾ ਮੋਰਚਾ ਜਾਰੀ ਹੈ। ਸਟੇਡੀਅਮ ਵਿੱਚ ਲਾਏ ਪੱਕੇ ਮੋਰਚੇ ’ਤੇ ਬੈਠੇ ਕਿਸਾਨਾਂ ਨੂੰ ਸੁਵਰਨ ਸਿੰਘ ਵਿਰਕ ਨੇ ਕਿਹਾ ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ ਤੋਂ ਕਿਸਾਨਾਂ ਨੂੰ ਕੋਈ ਉਮੀਦ ਨਹੀਂ ਅਤੇ ਉਹ ਤਿੰਨੇ ਖੇਤੀ ਕਾਨੂੰਨ ਰੱਦ ਕਰਵਾਏ ਬਿਨਾਂ ਘਰ ਨਹੀਂ ਬੈਠਣਗੇ। ਉਨ੍ਹਾਂ ਨੇ ਕਿਹਾ ਕਿ ਭਲਕੇ ਸਾਰੇ ਕਿਸਾਨ ਲੋਹੜੀ ’ਚ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜਣਗੇ। ਉਨ੍ਹਾਂ ਨੇ ਕਿਹਾ ਕਿ 26 ਜਨਵਰੀ ਨੂੰ ਦਿੱਲੀ ’ਚ ਕਿਸਾਨਾਂ ਵੱਲੋਂ ਕੀਤੀ ਜਾਣ ਵਾਲੇ ਟਰੈਕਟਰ ਮਾਰਚ ਦੀਆਂ ਤਿਆਰੀਆਂ ਜੰਗੀ ਪੱਧਰ ’ਤੇ ਕੀਤੀਆਂ ਜਾ ਰਹੀਆਂ ਹਨ। ਸਿਰਸਾ ਤੋਂ ਵੱਡੀ ਗਿਣਤੀ ’ਚ ਕਿਸਾਨ ਆਪਣੇ ਟਰੈਕਟਰ ਲੈ ਕੇ ਦਿੱਲੀ ਜਾਣਗੇ। ਇਸ ਮੌਕੇ ’ਤੇ ਜਗਰੂਪ ਸਿੰਘ ਚੌਬੁਰਜਾ, ਸੁਰਜੀਤ ਸਿੰਘ ਰੇਣੂ, ਬਚਨ ਸਿੰਘ ਮੌਜੀ ਐਡਵੋਕੇਟ, ਬੂਟਾ ਸਿੰਘ, ਅਜੀਤ ਸਿੰਘ ਵੈਦਵਾਲਾ, ਦੇਵ ਰਾਜ ਭਰੋਖਾਂ, ਸੁਨੀਲ ਕੁਮਾਰ ਨਾਂਗਵੰਸ਼ੀ, ਕਸ਼ਮੀਰ ਸਿੰਘ ਬਠਲਾ, ਬਲਰਾਜ ਸਿੰਘ, ਬਲਬੀਰ ਸਿੰਘ ਨੇਜਾਡੇਲਾ ਕਲਾਂ, ਡਾ. ਸੁਖਦੇਵ ਸਿੰਘ ਜੰਮੂ ਆਦਿ ਸਮੇਤ ਅਨੇਕ ਕਿਸਾਨ ਮੌਜੂਦ ਸਨ।