ਪ੍ਰਭੂ ਦਿਆਲ
ਸਿਰਸਾ, 29 ਸਤੰਬਰ
ਨਰਮੇ ’ਤੇ ਗੁਲਾਬੀ ਸੁੰਡੀ ਦੇ ਹਮਲੇ ਤੇ ਮੀਂਹ ਕਾਰਨ ਫਸਲਾਂ ਦੇ ਖਰਾਬੇ ਮਗਰੋਂ ਮੁਆਵਜ਼ੇ ਲਈ ਪਿੰਡ ਰੋੜੀ ਤੋਂ ਵੱਡੀ ਗਿਣਤੀ ’ਚ ਕਿਸਾਨ ਸੈਂਕੜੇ ਟਰੈਕਟਰਾਂ ’ਤੇ ਪ੍ਰਦਰਸ਼ਨ ਕਰਦੇ ਹੋਏ ਇਥੇ ਮਿੰਨੀ ਸਕੱਤਰੇਤ ਪੁੱਜੇ। ਕਈ ਘੰਟੇ ਮਿੰਨੀ ਸਕੱਤਰੇਤ ਦੇ ਬਾਹਰ ਪ੍ਰਦਰਸ਼ਨ ਕਰਨ ਮਗਰੋਂ ਜਦੋਂ ਡਿਪਟੀ ਕਮਿਸ਼ਨਰ ਮੰਗ ਪੱਤਰ ਲੈਣ ਨਹੀਂ ਆਏ ਤਾਂ ਕਿਸਾਨ ਮਿੰਨੀ ਸਕੱਤਰੇਤ ਦੇ ਗੇਟ ਤੋੜ ਕੇ ਅੰਦਰ ਦਾਖ਼ਲ ਹੋ ਗਏ। ਕਈ ਕਿਸਾਨ ਨਾਅਰੇਬਾਜ਼ੀ ਕਰਦੇ ਹੋਏ ਡਿਪਟੀ ਕਮਿਸ਼ਨਰ ਦੇ ਦਫ਼ਤਰ ਤੱਕ ਪਹੁੰਚ ਗਏ। ਸੈਂਕੜੇ ਕਿਸਾਨਾਂ ਨੇ ਮਿੰਨੀ ਸਕੱਤਰੇਤ ਦੇ ਡੀਸੀ ਦਫ਼ਤਰ ਦੇ ਪੋਰਚ ਹੇਠ ਦਿੱਤਾ ਧਰਨਾ ਦੇ ਦਿੱਤਾ। ਡਿਪਟੀ ਕਮਿਸ਼ਨਰ ਵੱਲੋਂ ਮੰਗ ਪੱਤਰ ਲਏ ਜਾਣ ਮਗਰੋਂ ਕਿਸਾਨ ਸ਼ਾਂਤ ਹੋਏ। ਡਿਪਟੀ ਕਮਿਸ਼ਨਰ ਵੱਲੋਂ ਖੁਦ ਖੇਤਾਂ ਵਿੱਚ ਜਾ ਕੇ ਨੁਕਸਾਨੀਆਂ ਫ਼ਸਲਾਂ ਦਾ ਲਿਆ ਲੈਣ ਦਾ ਐਲਾਨ। ਜ਼ਿਲ੍ਹਾ ਸਿਰਸਾ ਵਿੱਚ ਕਰੀਬ ਦੋ ਲੱਖ ਚਾਰ ਹਜ਼ਾਰ ਹੈਕਟੇਅਰ ’ਚ ਨਰਮੇ ਤੇ ਕਪਾਹ ਦੀ ਬਿਜਾਈ ਹੋਈ ਹੈ। ਖੇਤੀ ਵਿਭਾਗ ਦੇ ਸੀਨੀਅਰ ਅਧਿਕਾਰੀ ਡਾ. ਸੁਖਦੇਵ ਸਿੰਘ ਮੁਤਾਬਕ ਖੇਤੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਨਰਮੇ ਦੀ ਫ਼ਸਲ ਦਾ ਸਰਵੇ ਕਰਵਾਇਆ ਜਾ ਰਿਹਾ ਹੈ ਤੇ ਸਵਰੇ ਰਿਪੋਰਟ ਆਉਣ ਮਗਰੋਂ ਹੀ ਨੁਕਸਾਨੀ ਫ਼ਸਲ ਦੇ ਅਸਲੀ ਅੰਕੜੇ ਪਤਾ ਲੱਗੇਗਾ।