ਪ੍ਰਭੂ ਦਿਆਲ
ਸਿਰਸਾ, 18 ਜਨਵਰੀ
ਇਥੋਂ ਦੇ ਡੱਬਵਾਲੀ ਰੋਡ ’ਤੇ ਹੱਡੀਆਂ ਦੇ ਮਾਹਿਰ ਡਾਕਟਰ ’ਤੇ ਇਲਾਜ ਵਿੱਚ ਕੁਤਾਹੀ ਕਰਨ ਦੇ ਦੋਸ਼ ਲਾਉਂਦੇ ਹੋਏ ਪਿੰਡ ਵੈਦਵਾਲਾ ਦੇ ਸੈਂਕੜੇ ਲੋਕਾਂ ਨੇ ਹਸਪਤਾਲ ਦਾ ਬਾਹਰ ਧਰਨਾ ਦਿੱਤਾ ਤੇ ਡਾਕਟਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਲੋਕਾਂ ਵੱਲੋਂ ਲਾਏ ਧਰਨੇ ਕਾਰਨ ਤਣਾਅਪੂਰਣ ਸਥਿਤੀ ਨੂੰ ਵੇਖਦੇ ਹੋਏ ਵੱਡੀ ਗਿਣਤੀ ’ਚ ਹਸਤਪਾਲ ਦੇ ਅੱਗੇ ਪੁਲੀਸ ਤਾਇਨਾਤ ਕੀਤੀ ਗਈ। ਡਾਕਟਰ ਨੇ ਜਿਥੇ ਇਲਾਜ ਵਿੱਚ ਲਾਪ੍ਰਵਾਹੀ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ ਉਥੇ ਆਈਐੱਮਏ ਨਾਲ ਜੁੜੇ ਡਾਕਟਰ ਹਸਪਤਾਲ ਦੇ ਸੰਚਾਲਕ ਦੀ ਹਮਾਇਤ ਵਿੱਚ ਆ ਗਏ ਹਨ। ਆਈਐੱਮਏ ਦੇ ਜ਼ਿਲ੍ਹਾ ਪ੍ਰਧਾਨ ਡਾ. ਅਸ਼ੀਸ਼ ਖੁਰਾਣਾ ਨੇ ਕਿਹਾ ਹੈ ਕਿ ਜੇ ਮਰੀਜ਼ ਨੂੰ ਲੱਗਦਾ ਹੈ ਕਿ ਇਲਾਜ ਵਿੱਚ ਲਾਪ੍ਰਵਾਹੀ ਹੋਈ ਹੈ ਤਾਂ ਇਸ ਦੀ ਹੋਰ ਡਾਕਟਰਾਂ ਤੋਂ ਜਾਂਚ ਕਰਵਾਈ ਜਾ ਸਕਦੀ ਹੈ ਪਰ ਕਿਸੇ ਹਸਪਤਾਲ ਦੇ ਅੱਗੇ ਧਰਨਾ ਦੇਣਾ ਤੇ ਨਾਅਰੇਬਾਜ਼ੀ ਕਰਨਾ ਠੀਕ ਨਹੀਂ ਹੈ। ਫਿਲਹਾਲ ਇਕ ਪਾਸੇ ਜਿਥੇ ਮਰੀਜ਼ ਦੇ ਹੱਕ ਵਿੱਚ ਪਿੰਡ ਦੇ ਲੋਕ ਧਰਨਾ ਦੇ ਰਹੇ ਹਨ ਉਥੇ ਦੀ ਦੂਜੇ ਪਾਸੇ ਡਾਕਟਰ ਦੇ ਹੱਕ ਵਿੱਚ ਆਈਐੱਮਏ ਨਾਲ ਜੁੜੇ ਡਾਕਟਰ ਇਕੱਠੇ ਹੋ ਗਏ ਹਨ।