ਪ੍ਰਭੂ ਦਿਆਲ
ਸਿਰਸਾ, 14 ਜਨਵਰੀ
ਡੀਏਪੀ ਮਗਰੋਂ ਹੁਣ ਯੂਰੀਆ ਖਾਦ ਨਾ ਮਿਲਣ ਤੋਂ ਤੰਗ ਆਏ ਕਿਸਾਨਾਂ ਨੇ ਅੱਜ ਅਨਾਜ ਮੰਡੀ ਨੂੰ ਜਾਂਦੀ ਸੜਕ ’ਤੇ ਜਗਦੇਵ ਚੌਕ ’ਤੇ ਜਾਮ ਲਾ ਕੇ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਜਾਮ ਦੀ ਸੂਚਨਾ ਮਿਲਣ ’ਤੇ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਮ ਖੁੱਲ੍ਹਵਾਉਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨ ਆਪਣੀ ਮੰਗ ’ਤੇ ਬਾਜ਼ਿੱਦ ਰਹੇ। ਜਾਮ ਲਾ ਰਹੇ ਕਿਸਾਨਾਂ ਦੀ ਅਗਵਾਈ ਕਰ ਰਹੇ ਭਾਰਤੀ ਕਿਸਾਨ ਏਕਤਾ ਦੇ ਸੂਬਾਈ ਪ੍ਰਧਾਨ ਲੱਖਵਿੰਦਰ ਸਿੰਘ ਲੱਖਾ ਨੇ ਦੱਸਿਆ ਹਫ਼ਤੇ ਤੋਂ ਕਿਸਾਨ ਯੂਰੀਆ ਖਾਦ ਲੈਣ ਲਈ ਧੱਕੇ ਖਾ ਰਹੇ ਹਨ। ਪ੍ਰਸ਼ਾਸਨ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਖਾਦ ਦੀ ਕੋਈ ਕਮੀ ਨਹੀਂ ਪਰ ਕਿਸਾਨਾਂ ਨੂੰ ਖਾਦ ਮਿਲ ਨਹੀਂ ਰਹੀ ਹੈ। ਅਧਿਕਾਰੀਆਂ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਅੱਜ ਯੂਰੀਆ ਖਾਦ ਦਾ ਰੈਕ ਲੱਗੇਗਾ ਤੇ ਸਾਰੇ ਕਿਸਾਨਾਂ ਨੂੰ ਲੋੜ ਮੁਤਾਬਿਕ ਖਾਦ ਮਿਲ ਜਾਵੇਗੀ ਪਰ ਸਵਰੇ ਛੇ ਵਜੇ ਦੇ ਲਾਈਨਾਂ ’ਚ ਲੱਗੇ ਕਿਸਾਨਾਂ ਨੂੰ ਟੋਕਣ ਤੱਕ ਨਹੀਂ ਦਿੱਤੇ ਗਏ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਕਿਸਾਨਾਂ ਨੂੰ ਖਾਦ ਨਹੀਂ ਮਿਲ ਜਾਂਦੀ ਉਹ ਜਾਮ ਨਹੀਂ ਖੋਲ੍ਹਣਗੇ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਯੂਰੀਆ ਖਾਦ ਦੇ ਰੈਕ ਲੱਗ ਰਹੇ ਹਨ ਤੇ ਜਲਦੀ ਹੀ ਸਾਰੇ ਕਿਸਾਨਾਂ ਨੂੰ ਲੋੜ ਮੁਤਾਬਿਕ ਖਾਦ ਵੰਡ ਦਿੱਤੀ ਜਾਵੇਗੀ। ਮੀਂਹ ਮਗਰੋਂ ਇਕਦਮ ਖਾਦ ਦੀ ਮੰਗ ਵੱਧ ਗਈ ਹੈ, ਜਿਸ ਕਾਰਨ ਦਿੱਕਤ ਜ਼ਰੂਰ ਹੋਈ ਹੈ ਪਰ ਖਾਦ ਦੀ ਕਮੀ ਨਹੀਂ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਲੋੜ ਮੁਤਾਬਿਕ ਹੀ ਖਾਦ ਲੈਣ। ਕੋਈ ਵੀ ਕਿਸਾਨ ਖਾਦ ਦਾ ਸਟਾਕ ਨਾ ਕਰੇ। ਲੋੜ ਪੈਣ ’ਤੇ ਹੋਰ ਖਾਦ ਵੀ ਮੰਗਵਾਈ ਜਾ ਰਹੀ ਹੈ।