ਪ੍ਰਭੂ ਦਿਆਲ
ਸਿਰਸਾ, 22 ਜੁਲਾਈ
ਈਡੀ ਵੱਲੋਂ ਸੋਨੀਆ ਗਾਂਧੀ ਤੋਂ ਕੀਤੀ ਪੁੱਛ ਪੜਤਾਲ ਦੇ ਵਿਰੋਧ ’ਚ ਪ੍ਰਦਰਸ਼ਨਕਾਰੀ ਕਾਂਗਰਸੀਆਂ ਤੇ ਪੁਲੀਸ ਵਿਚਾਲੇ ਧੱਕਾ ਮੁੱਕੀ ਹੋ ਗਈ। ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਮਿੰਨੀ ਸਕੱਤਰੇਤ ਦੇ ਬਾਹਰ ਰੋਕ ਲਿਆ। ਪ੍ਰਦਰਸ਼ਨਕਾਰੀਆਂ ਨੇ ਭਾਜਪਾ ਸਰਕਾਰ ’ਤੇ ਈਡੀ ਤੇ ਸੀਬੀਆਈ ਨੂੰ ਵਿਰੋਧੀਆਂ ਖ਼ਿਲਾਫ਼ ਵਰਤੇ ਜਾਣ ਦੇ ਦੋਸ਼ ਲਗਾਏ। ਕਾਂਗਰਸੀ ਆਗੂ ਤੇ ਕਾਰਕੁਨ ਅੱਜ ਸਵੇਰੇ ਪੀਡਬਲਿਊਡੀ ਰੈਸਟ ਹਾਊਸ ਦੇ ਬਾਹਰ ਇਕੱਠੇ ਹੋਏ ਜਿਥੋਂ ਉਹ ਪ੍ਰਦਰਸ਼ਨ ਕਰਦੇ ਹੋਏ ਮਿੰਨੀ ਸਕੱਤਰੇਤ ਪੁੱਜੇ। ਪ੍ਰਦਰਸ਼ਨਕਾਰੀ ਮਿੰਨੀ ਸਕੱਤਰੇਤ ਦੇ ਅੰਦਰ ਜਾਣ ਦੀ ਕੋਸ਼ਿਸ਼ ਕਰਨ ਲੱਗੇ ਤਾਂ ਪੁਲੀਸ ਨੇ ਉਨ੍ਹਾਂ ਨੂੰ ਰੋਕ ਲਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਤੇ ਪੁਲੀਸ ਵਿਚਾਲੇ ਕਈ ਦੇਰ ਤੱਕ ਧੱਕਾ ਮੁੱਕੀ ਹੋਈ, ਜਿਸ ਮਗਰੋਂ ਪ੍ਰਦਰਸ਼ਨਕਾਰੀਆਂ ਨੇ ਮਿੰਨੀ ਸਕੱਤਰੇਤ ਦੇ ਮੁੱਖ ਗੇਟ ’ਤੇ ਕੁਝ ਸਮੇਂ ਲਈ ਧਰਨਾ ਦਿੱਤਾ। ਇਸ ਮੌਕੇ ’ਤੇ ਡਾ. ਕੇਵੀ ਸਿੰਘ, ਸਾਬਕਾ ਜ਼ਿਲ੍ਹਾ ਪ੍ਰਧਾਨ ਮਲੀਕਤ ਸਿੰਘ ਖੋਸਾ, ਡਾ. ਸੁਭਾਸ਼ ਜੋਧਪੁਰੀਆ, ਨਵੀਨ ਕੇਡੀਆ, ਆਨੰਦ ਬਿਆਣੀ, ਲਾਲ ਚੰਗ ਕੰਬੋਜ, ਪਾਲਾ ਸਿੰਘ ਕੰਬੋਜ ਸਮੇਤ ਵੱਡੀ ਗਿਣਤੀ ’ਚ ਕਾਂਗਰਸੀ ਆਗੂ ਤੇ ਕਾਰਕੁਨ ਮੌਜੂਦ ਸਨ।