ਪ੍ਰਭੂ ਦਿਆਲ
ਸਿਰਸਾ, 13 ਸਤੰਬਰ
ਮੌਜਗੜ੍ਹ ਹੈੱਡ ਨੂੰ ਤੋੜ ਕੇ ਅਬਬੂਸ਼ਹਿਰ ਲੈਜਾਣ ਦੇ ਵਿਰੋਧ ਵਿੱਚ ਦਰਜਨ ਤੋਂ ਵੱਧ ਪਿੰਡਾਂ ਦੇ ਕਿਸਾਨਾਂ ਨੇ ਅੱਜ ਮਿੰਨੀ ਸਕੱਤਰੇਤ ਦੇ ਬਾਹਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਅਧਿਕਾਰੀਆਂ ਨੂੰ ਮੁੱਖ ਮੰਤਰੀ ਮਨੋਹਰ ਲਾਲ ਦੇ ਨਾਂ ਮੰਗ ਪੱਤਰ ਦਿੱਤਾ। ਮਿੰਨੀ ਸਕੱਤਰੇਤ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਕਿਸਾਨ ਖੁਸ਼ਦੀਪ ਸਿੰਘ, ਗੁਰਦੀਪ ਸਿੰਘ ਤੇ ਜਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਮੌਜਗੜ੍ਹ ਦੇ ਨੇੜੇ ਭਾਖੜਾ ਨਹਿਰ ’ਚ ਹੈੱਡ ਬਣਿਆ ਹੋਇਆ ਹੈ, ਜਿਸ ਨੂੰ ਹੁਣ ਰਾਜਸੀ ਦਖ਼ਲਅੰਦਾਜ਼ੀ ਕਾਰਨ ਤੋੜਨ ਦੀਆਂ ਕੋਸ਼ਿਸ਼ਾਂ ਹਨ। ਉਨ੍ਹਾਂ ਨੇ ਦੱਸਿਆ ਕਿ ਮੌਜਗੜ੍ਹ ਹੈੱਡ ਤੋਂ ਭਾਖੜਾ ’ਚੋਂ 7 ਮਾਈਨਰ ਨਿਕਲਦੇ ਹਨ, ਜਿਨ੍ਹਾਂ ਜਰੀਏ 16 ਪਿੰਡਾਂ ਦੇ ਖੇਤਾਂ ਨੂੰ ਪਾਣੀ ਪਹੁੰਚਦਾ ਹੈ। ਜੇਕਰ ਇਸ ਹੈੱਡ ਨੂੰ ਇਥੋਂ ਤੋੜਕੇ ਅੱਗੇ ਅਬੂਬਸ਼ਹਿਰ ਨੇੜੇ ਬਣਾਇਆ ਜਾਂਦਾ ਹੈ ਤਾਂ ਇਨ੍ਹਾਂ 16 ਪਿੰਡਾਂ ਦੇ ਖੇਤਾਂ ਨੂੰ ਪਾਣੀ ਨਹੀਂ ਮਿਲੇਗਾ ਤੇ ਇਥੋਂ ਦੇ ਕਿਸਾਨ ਬਰਬਾਦ ਹੋ ਜਾਣਗੇ।