ਪ੍ਰਭੂ ਦਿਆਲ
ਸਿਰਸਾ, 9 ਮਾਰਚ
ਨਗਰ ਪਰਿਸ਼ਦ ਵੱਲੋਂ ਕਰਵਾਏ ਪ੍ਰਾਪਰਟੀ ਸਰਵੇ ਨੂੰ ਰੱਦ ਕਰਵਾਉਣ ਦੀ ਮੰਗ ਲਈ ਸ਼ਹਿਰ ਵਾਸੀਆਂ ਨੇ ਪ੍ਰਦਰਸ਼ਨ ਕੀਤਾ ਅਤੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਿਆ। ਵੱਡੀ ਗਿਣਤੀ ’ਚ ਇਕੱਠੇ ਹੋਏ ਪ੍ਰਦਰਸ਼ਨਕਾਰੀਆਂ ਨੇ ਮਿੰਨੀ ਸਕੱਤਰੇਤ ਦੇ ਬਾਹਰ ਨਾਅਰੇਬਾਜ਼ੀ ਕੀਤੀ। ਮਿੰਨੀ ਸਕੱਤਰੇਤ ਦੇ ਬਾਹਰ ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰ ਰਹੇ ਪ੍ਰਦੀਪ ਸਚਦੇਵਾ ਨੇ ਦੱਸਿਆ ਕਿ ਨਗਰ ਪਰਿਸ਼ਦ ਵੱਲੋਂ ਸ਼ਹਿਰ ਵਾਸੀਆਂ ਦੀ ਜਾਇਦਾਦ ਦਾ ਐਸਸਮੈਂਟ ਸਰਵੇ ਪ੍ਰਾਈਵੇਟ ਕੰਪਨੀ ਵੱਲੋਂ ਕਰਵਾਇਆ ਗਿਆ ਹੈ। ਕੰਪਨੀ ਵੱਲੋਂ ਕੀਤੇ ਗਏ ਸਰਵੇ ’ਚ ਅਨੇਕਾਂ ਖਾਮੀਆਂ ਹਨ। ਅਨੇਕਾਂ ਵਿਅਕਤੀਆਂ ਦੀ ਜਾਇਦਾਦ ਕਿਸੇ ਹੋਰ ਦੇ ਨਾਂ ਦਿਖਾਈ ਗਈ ਹੈ, ਜਦੋਂਕਿ ਜਾਇਦਾਦ ਦੀ ਰਜਿਸਟਰੀਆਂ ਤੇ ਹੋਰ ਕਾਗਜ਼ਾਤ ਉਨ੍ਹਾਂ ਦੇ ਨਾਂ ਹਨ। ਹੁਣ ਪ੍ਰਾਪਰਟੀ ਦੀ ਖਰੀਦ ਵੇਚ ਕਰਨ ਲੱਗਿਆਂ ਅਨੇਕਾਂ ਮੁਸ਼ਕਲਾਂ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਤੋਂ ਪਹਿਲਾਂ ਸ਼ਹਿਰ ਦੇ ਵੱਡੀ ਗਿਣਤੀ ’ਚ ਲੋਕ ਸ਼ਹੀਦ ਭਗਤ ਸਿੰਘ ਸਟੇਡੀਅਮ ’ਚ ਇਕੱਠੇ ਹੋਏ, ਜਿਥੋਂ ਉਹ ਪ੍ਰਦਰਸ਼ਨ ਕਰਦੇ ਹੋਏ ਮਿੰਨੀ ਸਕੱਤਰੇਤ ਪੁੱਜੇ। ਇਸ ਦੌਰਾਨ ਮੰਗ ਪੱਤਰ ਲੈਣ ਆਏ ਨਾਇਬ ਤਹਿਸੀਲਦਾਰ ਨਾਲ ਪ੍ਰਦਰਸ਼ਨਕਾਰੀਆਂ ਦੀ ਤਿੱਖੀ ਬਹਿਸ ਹੋਈ, ਜਿਸ ਮਗਰੋਂ ਨਾਇਬ ਤਹਿਸੀਲਦਾਰ ਨੂੰ ਬਿਨਾਂ ਮੰਗ ਪੱਤਰ ਲਏ ਮੁੜਣਾ ਪਿਆ। ਇਸ ਉਪਰੰਤ ਸਿਰਸਾ ਦੇ ਐੱਸਡੀਐੱਮ ਨੇ ਪ੍ਰਦਰਸ਼ਨਕਾਰੀਆਂ ਤੋਂ ਮੰਗ ਪੱਤਰ ਪ੍ਰਾਪਤ ਕੀਤਾ ਅਤੇ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦਿਵਾਇਆ ਕਿ ਸਰਵੇ ’ਚ ਹੋਈਆਂ ਕਥਿਤ ਖਾਮੀਆਂ ਨੂੰ ਦੂਰ ਕੀਤਾ ਜਾਵੇਗਾ ਤੇ ਕਿਸੇ ਵੀ ਵਿਅਕਤੀ ਦੀ ਜਾਇਦਾਦ ਏਧਰ-ਓਧਰ ਨਹੀਂ ਹੋਵੇਗੀ। ਇਸ ਮੌਕੇ ’ਤੇ ਹੁੱਡਾ ਰੈਜਿਡੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਰਾਜਪਾਲ ਸਿੰਘ, ਹਰਿਆਣਾ ਪ੍ਰਦੇਸ਼ ਵਪਾਰ ਮੰਡਲ ਜ਼ਿਲ੍ਹਾ ਪ੍ਰਧਾਨ ਹੀਰਾ ਲਾਲ ਸ਼ਰਮਾ, ਹਰਿਆਣਾ ਕਿਸਾਨ ਏਕਤਾ ਦੇ ਸੂਬਾਈ ਪ੍ਰਧਾਨ ਲਖਵਿੰਦਰ ਸਿੰਘ ਔਲਖ, ਪ੍ਰਾਪਰਟੀ ਡੀਲਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਮਾਸਟਰ ਰਾਜਿੰਦਰ, ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਸੁਰੇਸ਼ ਮਹਿਤਾ ਐਡਵੋਕੇਟ, ਸੰਜੈ ਚਿਤਕਾਰਾ, ਕਿ੍ਸ਼ਨ ਸ਼ਰਮਾ ਤੇ ਕਸ਼ਮੀਰ ਚੰਦ ਕੰਬੋਜ ਸਮੇਤ ਅਨੇਕ ਲੋਕ ਮੌਜੂਦ ਸਨ।