ਪ੍ਰਭੂ ਦਿਆਲ
ਸਿਰਸਾ, 11 ਫਰਵਰੀ
ਸਰਕਾਰੀ ਕਰਮਚਾਰੀ ਦਾ ਦਰਜਾ ਤੇ ਪ੍ਰਧਾਨ ਮੰਤਰੀ ਵੱਲੋਂ ਸਾਲ 2018 ’ਚ ਵਧਾਏ ਗਏ ਮਾਣ-ਭੱਤੇ ਅਮਲੀ ਰੂਪ ’ਚ ਲਾਗੂ ਕਰਵਾਉਣ ਲਈ ਸਵਾ ਦੋ ਮਹੀਨਿਆਂ ਤੋਂ ਹੜਤਾਲ ਕਰ ਰਹੀਆਂ ਆਂਗਣਵਾੜੀ ਵਰਕਰਾਂ ਦਾ ਪ੍ਰਦਰਸ਼ਨ ਅੱਜ ਵੀ ਜਾਰੀ ਰਿਹਾ। ਮੰਗਾਂ ਪੂਰੀਆਂ ਨਾ ਹੋਣ ’ਤੇ 14 ਫਰਵਰੀ ਨੂੰ ਕਰਨਾਲ ਸਥਿਤ ਮੁੱਖ ਮੰਤਰੀ ਦੀ ਰਿਹਾਇਸ਼ ਘੇਰਨ ਦਾ ਐਲਾਨ ਕੀਤਾ ਹੈ। ਕਰਮਚਾਰੀ ਤੇ ਕਿਸਾਨ ਜਥੇਬੰਦੀਆਂ ਵੱਲੋਂ ਆਂਗਣਵਾੜੀ ਵਰਕਰਾਂ ਨੂੰ ਹਮਾਇਤ ਦਾ ਐਲਾਨ ਕੀਤਾ ਗਿਆ ਹੈ। ਯੂਨੀਅਨ ਦੀ ਆਗੂ ਵੀਰੋ ਰਾਣੀ, ਸਰਲਾ ਰਾਣੀ, ਪ੍ਰੋਮਿਲਾ ਚੌਧਰੀ ਤੇ ਗਾਇਤਰੀ ਨੇ ਕਿਹਾ ਕਿ ਆਂਗਣਵਾੜੀ ਵਰਕਰ ਤੇ ਹੈਲਪਰ ਆਪਣੀਆਂ ਮੰਗਾਂ ਦੀ ਪੂਰਤੀ ਲਈ ਸਵਾ ਦੋ ਮਹੀਨਿਆਂ ਤੋਂ ਆਂਗਣਵਾੜੀ ਕੇਂਦਰਾਂ ਨੂੰ ਜਿੰਦਰੇ ਲਾ ਕੇ ਸ਼ਾਂਤੀਪੂਰਨ ਤਰੀਕੇ ਨਾਲ ਸੰਘਰਸ਼ ਕਰ ਰਹੀਆਂ ਹਨ ਪਰ ਸਰਕਾਰ ਉਨ੍ਹਾਂ ਨੂੰ ਅਣਗੌਲਿਆਂ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮੰਗਾਂ ਦੀ ਪੂਰਤੀ ਲਈ 14 ਫਰਵਰੀ ਨੂੰ ਪੂਰੇ ਹਰਿਆਣੇ ਦੀਆਂ ਆਂਗਣਵਾੜੀ ਵਰਕਰ ਤੇ ਹੈਲਪਰ ਮੁੱਖ ਮੰਤਰੀ ਮਨੋਹਰ ਲਾਲ ਦੀ ਕਰਨਾਲ ਸਥਿਤ ਰਿਹਾਇਸ਼ ਦਾ ਘਿਰਾਓ ਕਰਨਗੀਆਂ। ਇਸ ਮੌਕੇ ’ਤੇ ਹਰਿਆਣਾ ਕਿਸਾਨ ਮੰਚ ਦੇ ਸੂਬਾਈ ਪ੍ਰਧਾਨ ਪ੍ਰਹਿਲਾਦ ਸਿੰਘ ਭਾਰੂਖੇੜਾ, ਸੀਟੂ ਆਗੂ ਹਮਜਿੰਦਰ ਸਿੰਘ ਨੇ ਪ੍ਰਦਰਸ਼ਨਕਾਰੀਆਂ ਨੂੰ ਆਪਣੀ ਹਮਾਇਤ ਦਾ ਐਲਾਨ ਕਰਦਿਆਂ ਕਿਹਾ ਕਿ ਸਰਕਾਰ ਕਰਮਚਾਰੀਆਂ ਦੀਆਂ ਸਮੱਸਿਆਵਾਂ ਦੂਰ ਕਰਨ ਦੀ ਬਜਾਏ ਕਰਮਚਾਰੀਆਂ ਦੀ ਛਾਂਟੀ ਕਰ ਰਹੀ ਹੈ। ਯੂਨੀਅਨ ਦੀ ਜ਼ਿਲ੍ਹਾ ਕਮੇਟੀ ਮੈਂਬਰ ਮਾਇਆ, ਚਰਨਜੀਤ, ਸੀਤਾ, ਪਰਮਜੀਤ, ਰੀਨਾ, ਦਵਿੰਦਰ ਕੌਰ, ਸਵਿਤਰੀ, ਆਸ਼ਾ, ਵੀਰਪਾਲ, ਗੀਤਾਂਜਲੀ ਨੇ ਸੰਬੋਧਨ ਕੀਤਾ।