ਪ੍ਰਭੂ ਦਿਆਲ
ਸਿਰਸਾ, 6 ਅਗਸਤ
ਭਾਰਤੀ ਕਮਿਊਨਿਸਟ ਪਾਰਟੀ ਹਲਕਾ ਰਾਣੀਆਂ ਦੀ ਮੀਟਿੰਗ ਪਾਰਟੀ ਦੇ ਸਾਬਕਾ ਜ਼ਿਲ੍ਹਾ ਸਕੱਤਰ ਲਛਮਣ ਸਿੰਘ ਸ਼ੇਖਾਵਤ ਦੀ ਪ੍ਰਧਾਨਗੀ ਹੇਠ ਬਾਬਾ ਬੰਤਾ ਸਿੰਘ ਭਵਨ ’ਚ ਹੋਈ। ਮੀਟਿੰਗ ’ਚ ਮਤਾ ਪਾਸ ਕਰਕੇ ਮੀਂਹ ਨਾਲ ਨੁਕਸਾਨੀਆਂ ਫ਼ਸਲਾਂ ਤੇ ਗਰੀਬਾਂ ਦੇ ਡਿੱਗੇ ਮਕਾਨਾਂ ਦੇ ਮੁਆਵਜ਼ੇ ਦੀ ਮੰਗ ਕੀਤੀ ਗਈ। ਮੀਟਿੰਗ ਦੌਰਾਨ ਪਾਸ ਕੀਤੇ ਇਕ ਹੋਰ ਮਤੇ ਰਾਹੀਂ ਮੰਗ ਕੀਤੀ ਗਈ ਕਿ ਸੰਯੁਕਤ ਕਿਸਾਨ ਮੋਰਚਾ ਨਾਲ ਸਰਕਾਰ ਵੱਲੋਂ ਕੀਤੇ ਲਿਖਤੀ ਵਾਦਿਆਂ ਨੂੰ ਪੂਰਾ ਕੀਤਾ ਜਾਏ ਤੇ ਲਖੀਮਪੁਰ ਖੀਰੀ ਮਾਮਲੇ ’ਚ ਸ਼ਾਮਲ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਨੂੰ ਮੰਤਰੀ ਮੰਡਲ ’ਚੋਂ ਕੱਢਿਆ ਜਾਏ, ਮਹਿੰਗਾਈ ਨੂੰ ਲਗਾਮ ਲਾਈ ਜਾਏ ਤੇ ਖੁਰਾਕੀ ਵਸਤਾਂ ਤੋਂ ਜੀਐੱਸਟੀ ਹਟਾਇਆ ਜਾਏ, ਸਾਰੇ ਵਿਭਾਗਾਂ ’ਚ ਖਾਲ੍ਹੀ ਆਸਾਮੀਆਂ ਤੁਰੰਤ ਭਰੀਆਂ ਜਾਣ। ਰੰਗੋਈ ਡਰੇਨ ਦੇ ਟੁੱਟਣ ਨਾਲ ਨੁਕਸਾਨੀਆਂ ਫ਼ਸਲਾਂ ਦੀ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਫੌਰੀ ਮੁਆਵਜ਼ਾ ਦਿੱਤਾ ਜਾਏ। ਮੀਟਿੰਗ ਦੌਰਾਨ ਸੁਵਰਨ ਸਿੰਘ ਵਿਰਕ ਨੇ ਮੌਜੂਦਾ ਰਾਜਨੀਤਕ ਹਲਾਤ ’ਤੇ ਰੋਸ਼ਨੀ ਪਾਈ। ਇਸ ਮੌਕੇ ’ਤੇ ਸੁਵਰਨ ਸਿੰਘ ਵਿਰਕ ਤੋਂ ਇਲਾਵਾ ਪਾਰਟੀ ਦੇ ਜ਼ਿਲ੍ਹਾ ਸਕੱਤਰ ਜਗਰੂਪ ਸਿੰਘ ਚੌਬੁਰਜਾ, ਬਾਬਾ ਬਲਵੰਤ ਸਿੰਘ, ਜੋਗਿੰਦਰ ਸਿੰਘ ਦਮਦਮਾ, ਡਾ. ਸੁਖਦੇਵ ਸਿੰਘ ਜੰਮੂ, ਸੁਰਜੀਤ ਸਿੰਘ, ਬੂਟਾ ਸਿੰਘ ਪ੍ਰੀਤਮ, ਮੋਹਨ ਸਿੰਘ ਟਪਿਆਲਾ, ਰੇਸ਼ਮ ਸਿੰਘ ਸੰਧੂ, ਬਾਬਾ ਭਗਤ ਸਿੰਘ ਬਣੀ ਸਮੇਤ ਪਾਰਟੀ ਦੇ ਕਈ ਮੈਂਬਰ ਮੌਜੂਦ ਸਨ।