ਪ੍ਰਭੂ ਦਿਆਲ
ਸਿਰਸਾ, 27 ਅਗਸਤ
ਸਰਵ ਕਰਮਚਾਰੀ ਸੰਘ ਦੇ ਬੈਨਰ ਹੇਠ ਨਗਰ ਪਾਲਿਕਾ ਦੇ ਸਫਾਈ ਮੁਲਾਜ਼ਮਾਂ ਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਲਈ ਇਕ ਰੋਜ਼ਾ ਹੜਤਾਲ ਕਰਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਹੜਤਾਲੀ ਕਰਮਚਾਰੀਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਉਹ ਆਪਣੇ ਅੰਦੋਲਨ ਨੂੰ ਹੋਰ ਤਿੱਖਾ ਕਰਨਗੇ। ਕਰਮਚਾਰੀ ਆਗੂਆਂ ਨੇ ਕਿਹਾ ਕਿ ਸਰਕਾਰ ਸਫਾਈ ਕਰਮਚਾਰੀਆਂ ਤੇ ਫਾਇਰ ਬ੍ਰਿੇਗੇਡ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਠੇਕਾ ਪ੍ਰਣਾਲੀ ਨੂੰ ਸਮਾਪਤ ਕਰਕੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਏ। ਕਰਮਚਾਰੀਆਂ ਨੂੰ ਪੱਕਾ ਕੀਤੇ ਜਾਣ ਤੱਕ ਇਕ ਨੀਤੀ ਬਣਾ ਕੇ ਕਰਮਚਾਰੀਆਂ ਨੂੰ ਬਰਾਬਰ ਕੰਮ ਤੇ ਬਾਰਬਰ ਵੇਤਨ ਦਿੱਤਾ ਜਾਏ। ਕੋਵਿਡ ਡਿਊਟੀ ਦੌਰਾਨ ਮੌਤ ਹੋਣ ’ਤੇ ਕਰਮਚਾਰੀ ਦੇ ਪਰਿਵਾਰ ਨੂੰ ਪੰਜਾਹ ਲੱਖ ਰੁਪਏ ਦਾ ਮੁਆਵਜ਼ਾ ਅਤੇ ਪਰਿਵਾਰ ਦੇ ਇਕ ਜੀਅ ਨੂੰ ਨੌਕਰੀ ਦਿੱਤੀ ਜਾਏ। ਫਾਇਰਮੈਨਾਂ ਤੇ ਫਾਇਰ ਡਰਾਈਵਰਾਂ ਦੇ 2268 ਖਾਲ੍ਹੀ ਆਸਾਮੀਆਂ ਨੂੰ ਰੋਲ ’ਤੇ ਕੰਮ ਕਰਦੇ ਕਾਮਿਆਂ ਨਾਲ ਭਰਿਆਂ ਜਾਵੇ, ਸਫਾਈ ਕਰਮਚਾਰੀਆਂ ਦੀਆਂ ਸਾਰੀਆਂ ਖਾਲ੍ਹੀ ਪਈਆਂ ਆਸਾਮੀਆਂ ਤੁਰੰਤ ਭਰੀਆਂ ਜਾਣ। ਇਸ ਮੌਕੇ ’ਤੇ ਰਣਵੀਰ ਫਗੋਡਿਆ, ਮਨੋਜ ਅਟਵਾਲ, ਭਗਵਤੀ ਪ੍ਰਸ਼ਾਦ, ਆਤਮਾ ਰਾਮ, ਹੇਮੰਤ ਕੁਮਾਰ ਸਮੇਤ ਅਨੇਕ ਕਰਮਚਾਰੀ ਮੌਜੂਦ ਸਨ।