ਪ੍ਰਭੂ ਦਿਆਲ
ਸਿਰਸਾ, 5 ਅਕਤੂਬਰ
ਮੀਂਹ ਤੇ ਗੁਲਾਬੀ ਸੁੰਡੀ ਨਾਲ ਨੁਕਸਾਨੀਆਂ ਸਾਊਣੀ ਦੀਆਂ ਫ਼ਸਲਾਂ ਦੇ ਮੁਆਵਜ਼ੇ ਦੀ ਮੰਗ ਕਰਨ ਮਿੰਨੀ ਸਕੱਤਰੇਤ ਆਏ ਕਿਸਾਨਾਂ ’ਤੇ ਪੁਲੀਸ ਵਿਚਾਲੇ ਝੜਪ ਹੋ ਗਈ। ਕਾਫੀ ਦੇਰ ਤੱਕ ਮਿੰਨੀ ਸਕੱਤਰੇਤ ਦੇ ਬਾਹਰ ਸਥਿਤ ਤਣਾਅਪੂਰਨ ਰਹੀ। ਕਿਸਾਨ ਡਿਪਟੀ ਕਮਿਸ਼ਨਰ ਨੂੰ ਆਪਣੀਆਂ ਨੁਕਸਾਨੀਆਂ ਫ਼ਸਲਾਂ ਦਿਖਾਉਣਾ ਚਾਹੁੰਦੇ ਸਨ। ਭਾਰਤੀ ਕਿਸਾਨ ਏਕਤਾ ਦੇ ਬੈਨਰ ਹੇਠ ਕਿਸਾਨ ਆਪਣੀਆਂ ਨੁਕਸਾਨੀਆਂ ਫ਼ਸਲਾਂ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਮਿੰਨੀ ਸਕੱਤਰੇਤ ਦੇ ਬਾਹਰ ਧਰਨਾ ਦਿੱਤਾ। ਕਿਸਾਨ ਆਪਣੀਆਂ ਨੁਕਸਾਨੀਆਂ ਫ਼ਸਲਾਂ ਦੇ ਬੂਟੇ ਲੈ ਵੀ ਲੈ ਕੇ ਆਏ ਸਨ, ਜੋ ਉਹ ਡਿਪਟੀ ਕਮਿਸ਼ਨਰ ਨੂੰ ਦਿਖਾਉਣਾ ਚਾਹੁੰਦੇ ਸਨ। ਕਾਫੀ ਦੇਰ ਧਰਨਾ ਦੇਣ ਮਗਰੋਂ ਜਦੋਂ ਡਿਪਟੀ ਕਮਿਸ਼ਨਰ ਦੀ ਥਾਂ ਐੱਸਡੀਐੱਮ ਮੰਗ ਪੱਤਰ ਲੈਣ ਲਈ ਆਇਆ ਤਾਂ ਕਿਸਾਨਾਂ ਵਿੱਚ ਰੋਹ ਵੱਧ ਗਿਆ। ਕਿਸਾਨ ਡਿਪਟੀ ਕਮਿਸ਼ਨਰ ਨੂੰ ਹੀ ਆਪਣਾ ਮੰਗ ਪੱਤਰ ਦੇਣਾ ਚਾਹੁੰਦੇ ਸਨ। ਰੋਹ ਵਿੱਚ ਆਏ ਕਿਸਾਨਾਂ ਨੇ ਪੁਲੀਸ ਵੱਲੋਂ ਲਾਈਆਂ ਰੋਕਾਂ ਨੂੰ ਤੋੜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪੁਲੀਸ ਤੇ ਕਿਸਾਨਾਂ ਵਿਚਾਲੇ ਕਾਫੀ ਦੇਰ ਤੱਕ ਧੱਕਾ ਮੁੱਕੀ ਤੇ ਜੋਰ ਅਜ਼ਮਾਇਸ਼ ਹੁੰਦੀ ਰਹੀ। ਆਖਿਰ ਕਿਸਾਨਾਂ ਨੇ ਪੁਲੀਸ ਦੀਆਂ ਰੋਕਾਂ ਨੂੰ ਤੋੜਦੇ ਹੋਏ ਮਿੰਨੀ ਸਕੱਤਰੇਤ ਦੇ ਅੰਦਰ ਦਾਖ਼ਲ ਹੋਏ, ਜਿਥੇ ਉਨ੍ਹਾਂ ਨੇ ਕੁਝ ਸਮੇਂ ਲਈ ਧਰਨਾ ਦਿੱਤਾ ਤੇ ਅਧਿਕਾਰੀਆਂ ਨੂੰ ਮੁੱਖ ਮੰਤਰੀ ਦੇ ਨਾਂ ਆਪਣਾ ਮੰਗ ਪੱਤਰ ਸੌਂਪਿਆ।
ਮਿੰਨੀ ਸਕੱਤਰੇਤ ਦੇ ਬਾਹਰ ਧਰਨਾ ਦੇ ਰਹੇ ਭਾਰਤੀ ਕਿਸਾਨ ਏਕਤਾ ਦੇ ਸੂਬਾਈ ਪ੍ਰਧਾਨ ਲੱਖਵਿੰਦਰ ਸਿੰਘ ਔਲਖ ਨੇ ਕਿਹਾ ਕਿ ਇਲਾਕੇ ਵਿੱਚ ਹੋਈ ਬੇਮੌਸਮੀਂ ਮੀਂਹ ਤੇ ਹੁਣ ਗੁਲਾਬੀ ਸੁੰਡੀ ਦੇ ਕਾਰਨ ਨਰਮਾ, ਗੁਆਰਾ, ਮੂੰਗੀ, ਬਾਜਰੇ ਦੀ ਫ਼ਸਲ ਨੁਕਸਾਨੀ ਗਈ ਹੈ। ਕੁਝ ਏਰੀਏ ਵਿੱਚ 75 ਤੋਂ ਸੌ ਫੀਸਦੀ ਫ਼ਸਲ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਬੀਟੀ ਕਾਟਨ ਦਾ ਘੱਟੀਆ ਬੀਜ ਕੰਪਨੀਆਂ ਵੱਲੋਂ ਕਿਸਾਨਾਂ ਨੂੰ ਵੇਚੇ ਜਾਣ ਕਾਰਨ ਹੀ ਹੁਣ ਗੁਲਾਬੀ ਸੁੰਡੀ ਨੇ ਨਰਮਾ ਤਬਾਹ ਕੀਤਾ ਹੈ। ਇਸ ਮੌਕੇ ’ਤੇ ਲਖਵਿੰਦਰ ਸਿੰਘ ਔਲਖ ਤੋਂ ਇਲਾਵਾ, ਬਲਵਿੰਦਰ ਸਿੰਘ ਵੈਦਵਾਲਾ, ਗੁਰਪ੍ਰੀਤ ਸਿੰਘ ਗਿੱਲ, ਗੁਰੀ ਸ਼ੇਖੋਂ ਸਮੇਤ ਕਈ ਪਿੰਡਾਂ ਦੇ ਕਿਸਾਨ ਮੌਜੂਦ ਸਨ।