ਪ੍ਰਭੂ ਦਿਆਲ
ਸਿਰਸਾ, 12 ਦਸੰਬਰ
ਸਿਰਸਾ ਨੇੜੇ ਭਾਵਦੀਨ ਟੌਲ ਪਲਜ਼ੇ ਨੂੰ ਅੱਜ ਕਿਸਾਨਾਂ ਨੇ ਪਰਚੀ ਮੁਕਤ ਕਰ ਦਿੱਤਾ। ਵੱਡੀ ਗਿਣਤੀ ਵਿੱਚ ਪੁੱਜੇ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਟੌਲ ਪਲਾਜ਼ੇ ਬੰਦ ਕਰਨ ਦੇ ਦਿੱਤੇ ਸੱਦੇ ਤਹਿਤ ਇਹ ਕਾਰਵਾਈ ਕੀਤੀ।ਅੱਜ ਸਵੇਰੇ ਤੋਂ ਹੀ ਸਿਰਸਾ ਤੋਂ ਇਲਾਵਾ ਫਤਿਹਾਬਾਦ, ਰਤੀਆਂ, ਭੂਨਾ ਤੋਂ ਵੱਡੀ ਗਿਣਤੀ ‘ਚ ਕਿਸਾਨ ਇਕੱਠੇ ਹੋਣੇ ਸ਼ੁਰੂ ਹੋ ਗਏ। ਇਕੱਠੇ ਹੋਏ ਕਿਸਾਨਾਂ ਨੇ ਟੌਲ ਪਲਾਜ਼ਾ ਮੈਨੇਜਰ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਗਏ ਸੱਦੇ ਦੀ ਜਾਣਕਾਰੀ ਦਿੰਦਿਆਂ ਪਲਾਜ਼ੇ ਨੂੰ ਪਰਚੀ ਮੁਕਤ ਕਰਨ ਦੀ ਅਪੀਲ ਕੀਤੀ। ਮੈਨੇਜਰ ਨੇ ਆਪਣੀ ਨੌਕਰੀ ਦਾ ਵਾਸਤਾ ਦਿੰਦਿਆਂ ਪਰਚੀ ਮੁਕਤ ਕੀਤੇ ਜਾਣ ਤੋਂ ਇਨਕਾਰ ਕੀਤਾ ਤਾਂ ਕਿਸਾਨਾਂ ਨੇ ਵੱਡੀ ਗਿਣਤੀ ‘ਚ ਇਕੱਠੇ ਹੋ ਕੇ ਨਾਕਿਆਂ ਦੇ ਡੰਡਿਆਂ ਨੂੰ ਪਾਸੇ ਕਰਕੇ ਵਾਹਨਾਂ ਨੂੰ ਬਿਨ੍ਹਾਂ ਪਰਚੀ ਕਟਵਾਏ ਜਾਣ ਲਈ ਆਖਿਆ। ਇਸ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਦੇ ਸੱਦੇ ‘ਤੇ ਸਿਰਸਾ ਦੇ ਦੋਵਾਂ ਟੌਲ ਪਲਾਜ਼ਿਆਂ ਨੂੰ ਸ਼ਾਂਤੀਪੂਰਨ ਤਰੀਕੇ ਨਾਲ ਪਰਚੀ ਮੁਕਤ ਕਰਵਾਇਆ ਗਿਆ ਹੈ। ਇਸ ਦੌਰਾਨ ਵੱਡੀ ਗਿਣਤੀ ‘ਚ ਪੁਲੀਸ ਨੂੰ ਤਾਇਨਾਤ ਕੀਤਾ ਗਿਆ ਸੀ ਪਰ ਕਿਸਾਨਾਂ ਅੱਗੇ ਪੁਲੀਸ ਦੀ ਇਕ ਨਾ ਚੱਲੀ।