ਪ੍ਰਭੂ ਦਿਆਲ
ਸਿਰਸਾ, 17 ਮਾਰਚ
ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਤੇ ਬਿਜਲੀ ਮੰਤਰੀ ਦੇ ਅਸਤੀਫ਼ਿਆਂ ਦੀ ਮੰਗ ਲਈ ਕਿਸਾਨਾਂ ਵੱਲੋਂ ਲਾਇਆ ਗਿਆ ਪੱਕਾ ਮੋਰਚਾ ਜਾਰੀ ਹੈ। ਨੌਜਵਾਨ ਕਿਸਾਨਾਂ ਦੀ ਬਜਾਏ ਹੁਣ ਵਡੇਰੀ ਉਮਰ ਦੇ ਕਿਸਾਨਾਂ ਨੇ ਇਹ ਮੋਰਚਾ ਸੰਭਾਲ ਲਿਆ ਹੈ।
ਹਾੜੀ ਦੀ ਵਾਢੀ ਦਾ ਕੰਮ ਸ਼ੁਰੂ ਹੋਣ ਨਾਲ ਜਿਥੇ ਕਿਸਾਨ ਹੁਣ ਖੇਤਾਂ ਦਾ ਕੰਮ ਸੰਭਾਲਣ ਲੱਗ ਪਏ ਹਨ ਉਥੇ ਹੀ ਹੁਣ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦਾ ਮੋਰਚਾ ਬਾਬਿਆਂ ਨੇ ਸੰਭਾਲ ਲਿਆ ਹੈ। ਸਰ੍ਹੋਂ ਦੀ ਵਾਢੀ ਦਾ ਕੰਮ ਸ਼ੁਰੂ ਹੋਣ ਨਾਲ ਨੌਜਵਾਨ ਰੁਝ ਗਏ ਹਨ। ਸ਼ਹੀਦ ਭਗਤ ਸਿੰਘ ਸਟੇਡੀਅਮ ’ਚ ਕਿਸਾਨਾਂ ਵੱਲੋਂ ਲਾਏ ਗਏ ਪੱਕੇ ਮੋਰਚੇ ’ਚ ਇਸ ਦੀ ਅੱਜ ਝਲਕ ਵੇਖਣ ਨੂੰ ਮਿਲੀ। ਧਰਨਾ ਦੇ ਰਹੇ ਕਿਸਾਨਾਂ ਨੇ ਦੱਸਿਆ ਹੈ ਕਿ ਹਾੜੀ ਦੀ ਵਾਢੀ ਤੱਕ ਵਡੇਰੀ ਉਮਰ ਦੇ ਕਿਸਾਨ ਧਰਨੇ ਦੇਣਗੇ ਤੇ ਨੌਜਵਾਨ ਹਾੜੀ ਦੀ ਵਾਢੀ ਕਰਨਗੇ।