ਪ੍ਰਭੂ ਦਿਆਲ
ਸਿਰਸਾ, 11 ਅਕਤੂਬਰ
ਗੁਲਾਬੀ ਸੁੰਡੀ ਤੇ ਮੀਂਹ ਨਾਲ ਨੁਕਸਾਨੀਆਂ ਫ਼ਸਲਾਂ ਦਾ ਮੁਆਵਜ਼ਾ ਨਾ ਮਿਲਣ ਕਾਰਨ ਕਿਸਾਨਾਂ ਵਿੱਚ ਭਾਰੀ ਰੋਹ ਪੈਦਾ ਹੋ ਗਿਆ ਹੈ। ਕਿਸਾਨਾਂ ਨੇ ਮੁਅਵਜ਼ੇ ਲਈ ਵੱਡੇ ਅੰਦੋਲਨ ਦੀ ਤਿਆਰੀ ਲਈ ਪਿੰਡ-ਪਿੰਡ ਮੀਟਿੰਗਾਂ ਕਰਕੇ ਕਿਸਾਨਾਂ ਨੂੰ ਲਾਮਬੰਦ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸੇ ਲੜੀ ਵਿੱਚ ਭਾਰਤੀ ਕਿਸਾਨ ਏਕਤਾ (ਬੀਕੇਈ) ਦੇ ਪ੍ਰਧਾਨ ਲਖਵਿੰਦਰ ਸਿੰਘ ਔਲਖ ਦੀ ਅਗਵਾਈ ਵਿੱਚ ਕਿਸਾਨਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਭਾਰਤੀ ਕਿਸਾਨ ਏਕਤਾ ਦੇ ਪ੍ਰਧਾਨ ਲਖਵਿੰਦਰ ਸਿੰਘ ਔਲਖ ਨੇ ਪਿੰਡ ਖਾਰੀਆਂ, ਬਾਲਾਸਰ ਤੇ ਨਕੌੜਾ ’ਚ ਕਿਸਾਨਾਂ ਨਾਲ ਮੀਟਿੰਗ ਕਰਦਿਆਂ ਕਿਹਾ ਕਿ ਕਿਸਾਨਾਂ ਦਾ 2020-21 ਦਾ ਬੀਮਾ ਕਲੇਮ 258 ਕਰੋੜ ਬਕਾਇਆ ਖੜ੍ਹਾ ਹੈ, ਜਿਸ ਨੂੰ ਪ੍ਰਾਪਤ ਕਰਨ ਲਈ ਕਿਸਾਨਾਂ ਨੂੰ ਜੱਦੋ-ਜਹਿਦ ਕਰਨੀ ਪੈ ਰਹੀ ਹੈ। ਉਨ੍ਹਾਂ ਨੇ ਕਿਹਾ ਕਿ 12 ਅਕਤੂਬਰ ਨੂੰ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਮਿੰਨੀ ਸਕੱਤਰੇਤ ਦੇ ਬਾਹਰ ਪ੍ਰਦਰਸ਼ਨ ਕਰਕੇ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ ਜਾਵੇਗਾ। ਜੇ ਜਲਦ ਕਿਸਾਨਾਂ ਨੂੰ ਮੁਆਵਜ਼ਾ ਨਾ ਮਿਲਿਆ ਤਾਂ ਤਿੱਖਾ ਅੰਦੋਲਨ ਕੀਤਾ ਜਾਵੇਗਾ। ਇਸ ਲਈ ਕਿਸਾਨਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਇਸ ਮੌਕੇ ’ਤੇ ਅੰਗਰੇਜ਼ ਸਿੰਘ, ਗੁਰਮੀਤ ਸਿੰਘ ਨਕੌੜਾ, ਹਨੂਮਾਨ ਨਿਓਲ, ਤੇਜ ਪ੍ਰਕਾਸ਼ ਮਹਿਤਾ, ਜਗਜੀਤ ਸਿੰਘ ਸਿੱਧੂ, ਜਗਜੀਤ ਸਿੰਘ ਮਾਨ, ਗਮਦੂਰ ਸਿੰਘ ਸਿੱਧੂ, ਅਮਰੀਕ ਸਿੱਧੂ, ਗੁਰਜੀਤ ਕੁਲਾਰ ਤੇ ਹਰਮਨ ਕੁਲਾਰ ਉਨ੍ਹਾਂ ਨਾਲ ਸਨ।