ਪ੍ਰਭੂ ਦਿਆਲ
ਸਿਰਸਾ, 11 ਜਨਵਰੀ
ਸਰਕਾਰੀ ਕਰਮਚਾਰੀ ਦਾ ਦਰਜਾ ਲੈਣ ਲਈ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦਾ ਮਿੰਨੀ ਸਕੱਤਰੇਤ ਦੇ ਬਾਹਰ ਅੱਜ ਵੀ ਧਰਨਾ ਜਾਰੀ ਰਿਹਾ। ਆਂਗਣਵਾੜੀ ਵਰਕਰ ਯੂਨੀਅਨ ਦੇ ਆਗੂਆਂ ਨੇ ਐਲਾਨ ਕੀਤਾ ਹੈ ਕਿ ਮੰਗਾਂ ਪੂਰੀਆਂ ਨਾ ਹੋਣ ’ਤੇ 12 ਜਨਵਰੀ ਨੂੰ ਜੇਲ੍ਹ ਭਰੋ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਹਜ਼ਾਰਾਂ ਆਂਗਣਵਾੜੀ ਵਰਕਰ ਤੇ ਹੈਲਪਰ ਜੇਲ੍ਹ ਭਰੋ ਅੰਦੋਲਨ ’ਚ ਸ਼ਿਰਕਤ ਕਰਨਗੀਆਂ। ਸਰਵ ਕਰਮਚਾਰੀ ਸੰਘ ਸਮੇਤ ਅਨੇਕ ਹੋਰ ਜਥੇਬੰਦੀਆਂ ਨੇ ਆਂਗਣਵਾੜੀ ਵਰਕਰਾਂ ਦੇ ਅੰਦੋਲਨ ਦੀ ਹਮਾਇਤ ਦਾ ਐਲਾਨ ਕੀਤਾ ਹੈ। ਅੱਜ ਫਿਰ ਮਿੰਨੀ ਸਕੱਤਰੇਤ ਦੇ ਬਾਹਰ ਸਰਕਾਰ ਦਾ ਸਿਆਪਾ ਕੀਤਾ। ਇਸ ਦੌਰਾਨ ਆਂਗਣਵਾੜੀ ਯੂਨੀਅਨ ਦੀ ਆਗੂ ਵੀਰੋ ਰਾਣੀ, ਪ੍ਰੋਮਿਲਾ, ਕਿ੍ਰਸ਼ਨਾ ਯਾਦਵ ਸਮੇਤ ਨੇ ਦੱਸਿਆ ਕਿ ਆਂਗਣਵਾੜੀ ਵਰਕਰ ਤੇ ਹੈਲਪਰ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਲੰਘੇ ਸਮੇਂ ਤੋਂ ਸੰਘਰਸ਼ ਕਰ ਰਹੀਆਂ ਹਨ। ਇਸੇ ਦੌਰਾਨ ਸਰਵ ਕਰਮਚਾਰੀ ਸੰਘ, ਰਿਟਾਇਰਡ ਕਰਮਚਾਰੀ ਸੰਘ ਸਮੇਤ ਕਈ ਹੋਰ ਕਰਮਚਾਰੀ ਜਥੇਬੰਦੀਆਂ ਤੇ ਕਿਸਾਨ ਜਥੇਬੰਦੀਆਂ ਨੇ ਆਂਗਣਵਾੜੀ ਵਰਕਰਾਂ ਦੇ ਅੰਦੋਲਨ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਹੈ।