ਪ੍ਰਭੂ ਦਿਆਲ
ਸਿਰਸਾ, 24 ਮਾਰਚ
ਅੱਠ ਮਹੀਨਿਆਂ ਤੋਂ ਮਿਹਨਤਾਨਾ ਤੇ 14 ਮਹੀਨਿਆਂ ਦਾ ਆਂਗਣਵਾੜੀ ਕੇਂਦਰਾਂ ਦਾ ਕਿਰਾਇਆ ਨਾ ਮਿਲਣ ’ਤੇ ਆਂਗੜਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਸਰਕਾਰ ਦਾ ਸਿਆਪਾ ਕਰਕੇ ਸੀਡੀਪੀਓ ਦੇ ਦਫ਼ਤਰ ਅੱਗੇ ਧਰਨਾ ਦਿੱਤਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਦੋ ਦਿਨਾਂ ’ਚ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਉਹ ਮਿੰਨੀ ਸਕੱਤਰੇਤ ਵਿੱਚ ਡਿਪਟੀ ਕਮਿਸ਼ਨਰ ਦੇ ਦਫ਼ਤਰ ਦਾ ਘਿਰਾਓ ਕਰਨਗੀਆਂ। ਸਰਕਾਰ ਦੀ ਅਣਗਹਿਲੀ ਕਾਰਨ ਬਹੁਤ ਸਾਰੇ ਸੈਂਟਰਾਂ ਨੂੰ ਜਿੰਦਰੇ ਲੱਗ ਰਹੇ ਹਨ। ਉਨ੍ਹਾਂ ਨੇ ਨਾਲ ਇਹ ਵੀ ਕਿਹਾ ਕਿ ਆਂਗਣਵਾੜੀ ਵਰਕਰ ਸੰਯੁਕਤ ਕਿਸਾਨ ਮੋਰਚਾ ਵੱਲੋਂ 26 ਮਾਰਚ ਨੂੰ ਦਿੱਤੇ ਗਏ ਭਾਰਤ ਬੰਦ ਦੇ ਸੱਦੇ ’ਚ ਸ਼ਾਮਲ ਹੋਣਗੀਆਂ।