ਪ੍ਰਭੂ ਦਿਆਲ
ਸਿਰਸਾ, 28 ਦਸੰਬਰ
ਆਪਣੀਆਂ ਮੰਗਾਂ ਨੂੰ ਲੈ ਕੇ ਕੜਾਕੇ ਦੀ ਠੰਢ ਵਿੱਚ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦਾ ਮਿੰਨੀ ਸਕੱਤਰੇਤ ਦੇ ਬਾਹਰ ਧਰਨਾ ਜਾਰੀ ਹੈ। ਉਹ ਕਰਮਚਾਰੀ ਦਾ ਦਰਜਾ ਲੈਣ ਲਈ 14 ਦਿਨਾਂ ਤੋਂ ਲਗਾਤਾਰ ਧਰਨਾ ਦੇ ਰਹੀਆਂ ਹਨ। ਯੂਨੀਅਨ ਆਗੂ ਵੀਰੋ ਰਾਣੀ, ਕਿ੍ਸ਼ਨਾ ਯਾਦਵ, ਕਮਲੇਸ਼ ਰਾਣੀ ਨੇ ਕਿਹਾ ਕਿ ਸਰਕਾਰ ਤੇ ਪ੍ਰਸ਼ਾਸਨ ਉਨ੍ਹਾਂ ਨੂੰ ਅਣਗੌਲਿਆਂ ਕਰ ਰਿਹਾ ਹੈ। ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਸਰਕਾਰੀ ਕਰਮਚਾਰੀ ਦਾ ਦਰਜਾ ਦਿੱਤਾ ਜਾਏ। ਜਦੋਂ ਤੱਕ ਸਰਕਾਰੀ ਕਰਮਚਾਰੀ ਦਾ ਦਰਜਾ ਨਹੀਂ ਦਿੱਤਾ ਜਾਂਦਾ, ਉਦੋਂ ਤੱਕ ਆਂਗਣਵਾੜੀ ਵਰਕਰਾਂ ਨੂੰ 24 ਹਜ਼ਾਰ ਤੇ ਹੈਲਪਰਾਂ ਨੂੰ 16 ਹਜ਼ਾਰ ਰੁਪਏ ਵੇਤਨ ਦਿੱਤਾ ਜਾਏ। ਅੰਦੋਲਨ ਦੌਰਾਨ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ’ਤੇ ਦਰਜ ਸਾਰੇ ਕੇਸ ਵਾਪਿਸ ਲਏ ਜਾਣ। ਆਂਗਣਵਾੜੀ ਵਰਕਰਾਂ ਨੂੰ ਗਰਮੀ-ਸਰਦੀ ਦੀਆਂ ਛੁੱਟੀਆਂ ਤੋਂ ਇਲਾਵਾ ਵਰਦੀ, ਕੇਂਦਰਾਂ ਦਾ ਕਿਰਾਇਆ ਦਿੱਤਾ ਜਾਏ, ਮੀਟਿੰਗ ’ਚ ਬੁਲਾਉਣ ’ਤੇ ਟੀਏ ਡੀਏ ਦਿੱਤਾ ਜਾਏ, ਨਵੀਂ ਸਿੱਖਿਆ ਨੀਤੀ ਵਾਪਿਸ ਲਈ ਜਾਏ। ਇਸ ਮੌਕੇ ਵੱਡੀ ਗਿਣਤੀ ’ਚ ਆਂਗਣਵਾੜੀ ਵਰਕਰ ਤੇ ਹੈਲਪਰ ਮੌਜੂਦ ਸਨ।