ਪ੍ਰਭੂ ਦਿਆਲ
ਸਿਰਸਾ, 5 ਅਪਰੈਲ
ਇਥੋਂ ਦੇ ਸੈਕਟਰ 19 ’ਚ ਸਥਿਤ ਹਾਊਸਿੰਗ ਬਰੋਡ ਦੇ ਫਲੈਟ ’ਚ ਰਹਿਣ ਵਾਲੇ ਮਾਂ-ਪੁੱਤ ’ਤੇ ਤੇਜ਼ਾਬ ਸੁੱਟ ਦਿੱਤਾ, ਜਿਸ ਕਾਰਨ ਦੋਵੇਂ ਬੁਰੀ ਤਰ੍ਹਾਂ ਝੁਲਸ ਗਏ। ਮੁਲਜ਼ਮ ਫ਼ਰਾਰ ਹੈ। ਦੋਵਾਂ ਨੂੰ ਇਲਾਜ ਲਈ ਨਾਗਰਿਕ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਸੂਚਨਾ ਮਿਲਣ ’ਤੇ ਸਿਵਲ ਲਾਈਨਜ਼ ਪੁਲੀਸ ਨੇ ਪੀੜਤਾਂ ਦੇ ਬਿਆਨਾਂ ’ਤੇ ਕੇਸ ਦਰਜ ਕਰ ਲਿਆ ਹੈ। ਮਹਿਲਾ ਨੇ ਦੱਸਿਆ ਹੈ ਕਿ ਲੰਘੀ ਰਾਤ ਉਹ ਆਪਣੇ ਪੁੱਤਰ ਖੁਸ਼ਦੀਪ ਸਿੰਘ ਨਾਲ ਆਪਣੇ ਫਲੈਟ ’ਚ ਸੁੱਤੇ ਸਨ ਤਾਂ ਬਾਹਰ ਤੋਂ ਕਿਸੇ ਨੇ ਦਰਵਾਜ਼ਾ ਖੜਕਾਇਆ, ਜਿਸ ਨਾਲ ਉਨ੍ਹਾਂ ਦੀ ਜਾਗ ਖੁੱਲ੍ਹ ਗਈ। ਉਨ੍ਹਾਂ ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਨੌਜਵਾਨ ਜੀਂਦੂ, ਜਿਸ ਨੂੰ ਉਹ ਪਹਿਲਾਂ ਤੋਂ ਜਾਣਦੇ ਹਨ, ਨੇ ਉਨ੍ਹਾਂ ’ਤੇ ਤੇਜ਼ਾਬ ਸੁੱਟ ਦਿੱਤਾ। ਰੌਲਾ ਪਾਉਣ ’ਤੇ ਲੋਕ ਇਕੱਠੇ ਹੋ ਗਏ ਤੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ।