ਪ੍ਰਭੂ ਦਿਆਲ
ਸਿਰਸਾ, 16 ਜੁਲਾਈ
ਕੇਂਦਰ ਸਰਕਾਰ ਵੱਲੋਂ ਖਾਧ ਪਦਾਰਥਾਂ ’ਤੇ ਪੰਜ ਫੀਸਦੀ ਜੀਐੱਸਟੀ ਲਾਉਣ ਦੇ ਵਿਰੋਧ ਵਿੱਚ ਆੜ੍ਹਤੀ ਐਸੋਸੀਏਸ਼ਨ ਨੇ ਮੰਡੀ ਬੰਦ ਕਰਕੇ ਪ੍ਰਦਰਸ਼ਨ ਕੀਤਾ। ਮੰਡੀ ਬੰਦ ਹੋਣ ਕਾਰਨ ਅੱਜ ਕਿਸੇ ਫ਼ਸਲ ਦੀ ਬੋਲੀ ਨਹੀਂ ਹੋਈ। ਐਸੋਸੀਏਸ਼ਨ ਦੇ ਬੈਨਰ ਹੇਠ ਮੰਡੀ ਦੇ ਆੜ੍ਹਤੀ ਇਕੱਠੇ ਹੋਏ ਅਤੇ ਆਪਣੀਆਂ ਦੁਕਾਨਾਂ ਬੰਦ ਕਰਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਐਸੋਸੀਏਸ਼ਨ ਦੇ ਪ੍ਰਧਾਨ ਮਨੋਹਰ ਮਹਿਤਾ ਨੇ ਕਿਹਾ ਕਿ ਸਰਕਾਰ ਲਗਾਤਾਰ ਵਪਾਰ ਤੇ ਵਪਾਰੀ ਵਿਰੋਧੀ ਫੈਸਲੇ ਲੈ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਖਾਧ ਪਦਾਰਥਾਂ ’ਤੇ ਲਾਏ ਗਏ ਜੀਐੱਸਟੀ ਨੂੰ ਤੁਰੰਤ ਵਾਪਸ ਲਿਆ ਜਾਵੇ। ਇਸ ਮੌਕੇ ’ਤੇ ਆੜ੍ਹਤੀ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਪ੍ਰੇਮ ਬਜਾਜ, ਸਕੱਤਰ ਦੀਪਕ ਮਿੱਤਲ, ਖਜ਼ਾਨਚੀ ਕੁਨਾਲ ਜੈਨ, ਰੂਲੀ ਚੰਦ ਗਾਂਧੀ, ਸਾਬਕਾ ਸਕੱਤਰ ਦੇਵ ਰਾਜ ਕੰਬੋਜ, ਸੁਰਿੰਦਰ ਮਿਚਨਾਬਾਦੀ, ਸੁਧੀਰ, ਲਲਿਤ ਮਹਿਤਾ, ਚਿਮਨ ਮੋਂਗਾ ਸਮੇਤ ਕਈ ਆੜ੍ਹਤੀ ਮੌਜੂਦ ਸਨ।