ਦੇਵਿੰਦਰ ਸਿੰਘ
ਯਮੁਨਾਨਗਰ, 25 ਅਕਤੂਬਰ
ਸਢੌਂਰਾ ਹਲਕੇ ਦੇ ਪਿੰਡ ਭੋਗਪੁਰ ਦੇ ਡੇਰੇ ਵਿੱਚ ਬਿਜਲੀ ਚੋਰੀ ਫੜਨ ਗਏ ਬਿਜਲੀ ਨਿਗਮ ਦੇ ਐੱਸਡੀਓ ਵਿਕਾਸ ਬੰਸਲ ਅਤੇ ਜੇਈ ਰਾਜੇਸ਼ ਕੁਮਾਰ ਸਮੇਤ ਤਿੰਨ ਏਰੀਆ ਇੰਚਾਰਜਾਂ ਨੂੰ ਕਿਸਾਨਾਂ ਅਤੇ ਪੇਂਡੂ ਲੋਕਾਂ ਨੇ ਬੰਦੀ ਬਣਾ ਲਿਆ। ਇਸ ਦੌਰਾਨ ਲੋਕਾਂ ਨੇ ਬਿਜਲੀ ਅਧਿਕਾਰੀਆਂ ਦੀ ਘੇਰਾਬੰਦੀ ਕਰਕੇ ਬਿਠਾ ਲਿਆ। ਉੱਧਰ ਮਾਮਲੇ ਦੀ ਸੂਚਨਾ ਮਿਲਣ ’ਤੇ ਸਢੌਂਰਾ ਦੇ ਐੱਸਐੱਚਓ ਦੀਦਾਰ ਸਿੰਘ, ਛਛਰੋਲੀ ਦੇ ਐੱਸਐੱਚਓ ਪ੍ਰਿਥਵੀ ਸਿੰਘ ਅਤੇ ਡੀਐੱਸਪੀ ਪ੍ਰਮੋਦ ਕੁਮਾਰ ਮੌਕੇ ’ਤੇ ਪਹੁੰਚ ਗਏ। ਇਸ ਦੌਰਾਨ ਪੁਲੀਸ ਅਧਿਕਾਰੀਆਂ ਨੇ ਲੋਕਾਂ ਨੂੰ ਗੱਲਬਾਤ ਕਰਕੇ ਸਮਝਾਉਣ ਮਗਰੋਂ ਬਿਜਲੀ ਅਧਿਕਾਰੀਆਂ ਛੁਡਵਾਇਆ।
ਬਿਜਲੀ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਉਨ੍ਹਾਂ ਨੇ ਡੇਰ ’ਤੇ ਬਿਜਲੀ ਚੋਰੀ ਦਾ ਕੇਸ ਫੜਿਆਂ ਤਾਂ ਡੇਰੇ ਵਾਲਿਆਂ ਨੇ ਕਿਸਾਨਾਂ ਨੂੰ ਬੁਲਾ ਲਿਆ। ਇਸ ਮੌਕੇ ਉਨ੍ਹਾਂ ਕਿਸਾਨਾਂ ਨਾਲ ਮਿਲ ਕੇ ਬਿਜਲੀ ਮੁਲਾਜ਼ਮ ਅਤੇ ਅਧਿਕਾਰੀਆਂ ਨੂੰ ਬੰਦੀ ਬਣਾ ਲਿਆ।
ਜ਼ਿਕਰਯੋਗ ਹੈ ਕਿ 22 ਅਕਤੂਬਰ ਨੂੰ ਵੀ ਮੰਧਾਰ ਪਿੰਡ ਵਿੱਚ ਲੋਕਾਂ ਨੇ ਬਿਜਲੀ ਮੁਲਾਜ਼ਮ ਨੂੰ 6 ਘੰਟੇ ਬੰਦੀ ਬਣਾ ਕੇ ਰੱਖਿਆ ਸੀ ਅਤੇ ਉਸ ਸਮੇਂ ਬਿਜਲੀ ਨਿਗਮ ਨੇ 9 ਲੱਖ 28 ਹਜ਼ਾਰ ਦੀ ਬਿਜਲੀ ਦੀ ਚੋਰੀ ਫੜੀ ਸੀ।
ਦੱਸਣਯੋਗ ਹੈ ਕਿ ਵਿਭਾਗ ਵੱਲੋਂ ਬਿਜਲੀ ਚੋਰੀ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਵਿੱਢੀ ਹੋਈ, ਜਿਸ ਤਹਿਤ ਇਲਾਕੇ ਵੱਖ-ਵੱਖ ਪਿੰਡਾਂ ਵਿੱਚ ਛਾਪਾ ਮਾਰ ਕੇ ਲੋਕਾਂ ਨੂੰ ਜੁਰਮਾਨੇ ਕੀਤੇ ਜਾ ਰਹੇ ਹਨ।
ਕਿਸਾਨਾਂ ਵੱਲੋਂ ਗੈਰਹਾਜ਼ਰੀ ਵਿੱਚ ਛਾਪੇ ਮਾਰਨ ਦਾ ਦੋਸ਼
ਪਿੰਡ ਵਾਸੀਆਂ ਅਤੇ ਕਿਸਾਨਾਂ ਨੇ ਦੋਸ਼ ਲਗਾਇਆ ਕਿ ਬਿਜਲੀ ਮੁਲਾਜ਼ਮ ਉਸ ਸਮੇਂ ਛਾਪਾ ਮਾਰਨ ਆਉਂਦੇ ਹਨ ਜਦੋਂ ਉਹ ਕਿਸਾਨ ਅੰਦੋਲਨ ਵਿੱਚ ਹਿੱਸਾ ਲੈਣ ਲਈ ਗਏ ਹੁੰਦੇ ਹਨ ਜਾਂ ਘਰ ਨਹੀਂ ਹੁੰਦੇ। ਐਕਸੀਅਨ ਬਿਲਾਸਪੁਰ ਨੀਰਜ ਕੁਮਾਰ ਨੇ ਕਿਹਾ ਕਿ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਨੂੰ ਉਸ ਹਾਲਾਤ ਵਿੱਚ ਛੱਜੇ ’ਤੇ ਚੜ੍ਹਨਾ ਪੈਂਦਾ ਹੈ ਜਦੋਂ ਬਿਜਲੀ ਚੋਰੀ ਕਰਨ ਵਾਲੇ ਵਿਅਕਤੀ ਨੇ ਬਿਜਲੀ ਦੀ ਤਾਰ ਵਿੱਚ ਗੈਰਕਾਨੂੰਨੀ ਢੰਗ ਨਾਲ ਕੱਟ ਮਾਰ ਕੇ ਤਾਰ ਛੱਜੇ ’ਤੇ ਸੁੱਟੀ ਹੁੰਦੀ ਹੈ।