ਮਹਾਂਵੀਰ ਮਿੱਤਲ
ਜੀਂਦ, 4 ਜੂਨ
ਨਗਰ ਕੌਂਸਲ ਚੋਣਾਂ ਲਈ ਅੱਜ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰੀਕ੍ਰਿਰਿਆ ਅੱਜ ਪੂਰੀ ਹੋ ਗਈ ਪਰ ਪਰੰ ਇਸ ਤੋਂ ਪਹਿਲਾਂ ਹੀ ਸ਼ਹਿਰ ਦੇ ਐੱਸਡੀ ਹਾਈ ਸਕੂਲ ਕੋਲ ਤਿੰਨ ਮਾਰਕੀਟਾਂ ਦੇ ਦੁਕਾਨਦਾਰਾਂ ਨੇ ਚੋਣਾਂ ਦਾ ਬਾਈਕਾਟ ਕਰਨ ਦਾ ਐਲਾਨ ਕਰਦੇ ਹੋਏ ਦੁਕਾਨਾਂ ਅੱਗੇ ਬਾਈਕਾਟ ਕਰਨ ਦੇ ਬੈਨਰ ਲਗਾ ਦਿੱਤੇ ਹਨ। ਕੁਝ ਦੁਕਾਨਦਾਰਾਂ ਨੇ ਤਾਂ ਚੋਣਾਂ ਵਿੱਚ ਭਾਜਪਾ-ਜਜਪਾ ਗਠਜੋੜ ਦਾ ਵਿਰੋਧ ਕਰਨ ਦੀ ਗੱਲ ਵੀ ਬੈਨਰਾਂ ਉੱਤੇ ਲਿਖੀ ਹੈ।
ਐੱਸਡੀ ਹਾਈ ਸਕੂਲ ਮਾਰਕੀਟ, ਸਫ਼ੀਦੋਂ ਰੋਡ ਅਤੇ ਗੋਹਾਣਾ ਰੋਡ ਦੀ ਮਾਰਕੀਟ ਦੇ ਕੁੱਝ ਦੁਕਾਨਦਾਰਾਂ ਨੇ ਆਪਣੀ ਦੁਕਾਨਾਂ ਅੱਗੇ ਬੈਨਰ ਟੰਗ ਕੇ ਨਗਰ ਪਰਿਸ਼ਦ ਦੀ ਚੋਣਾਂ ਦਾ ਬਾਈਕਾਟ ਕਰਨ ਦਾ ਜਨਤਕ ਐਲਾਨ ਕੀਤਾ ਹੈ। ਬੈਨਰਾਂ ਉੱਤੇ ਲਿਖਿਆ ਹੈ ਕਿ ਇਨ੍ਹਾਂ ਤਿੰਨ ਮਾਰਕੀਟਾਂ ਦੇ ਦੁਕਾਨਦਾਰ ਨਗਰ ਪਰਿਸ਼ਦ ਦੇ ਚੇਅਰਮੈਨ ਅਤੇ ਮੈਂਬਰਾਂ ਦੀ ਚੋਣ ਦਾ ਬਾਈਕਾਟ ਕਰਦੇ ਹਨ। ਦੁਕਾਨਦਾਰਾਂ ਨੇ ਬਾਈਕਾਟ ਦਾ ਕਾਰਨ ਪੁਰਾਣੇ ਐੱਸਡੀ ਹਾਈ ਸਕੂਲ ਦੇ ਸਾਹਮਣੇ ਅਤੇ ਗੋਹਾਣਾ ਰੋਡ ਉੱਤੇ ਬੱਸ ਸਟਾਪ ਨਹੀਂ ਬਣਾਏ ਜਾਣ ਸਬੰਧੀ ਦੱਸਿਆ ਹੈ। ਨਗਰ ਕੌਂਸਲ ਚੋਣਾਂ ਅਤੇ ਭਾਜਪਾ-ਜਜਪਾ ਗਠਜੋੜ ਦਾ ਵਿਰੋਧ ਕਰਨ ਵਾਲੇ ਦੁਕਾਨਦਾਰਾਂ ਗੋਲਡੀ, ਨਸੀਬ, ਜੁਗਲ ਕਿਸ਼ੋਰ, ਅਸ਼ੋਕ, ਸੀਸ਼ਪਾਲ ਚਰਨ ਸਿੰਘ ਅਤੇ ਸੰਜੇ ਨੇ ਕਿਹਾ ਕਿ ਜਦੋਂ ਤੋਂ ਨਵੇਂ ਬੱਸ ਅੱਡੇ ਤੋਂ ਰੋਡਵੇਜ਼ ਅਤੇ ਨਿੱਜੀ ਬੱਸਾਂ ਨੂੰ ਸਫੀਦੋਂ ਰੋਡ ਤੋਂ ਕੱਢਣਾ ਸ਼ੁਰੂ ਕੀਤਾ ਹੈ, ਉਦੋਂ ਤੋਂ ਉਨ੍ਹਾਂ ਦੀ ਮਾਰਕੀਟ ਦੇ ਦੁਕਾਨਦਾਰਾਂ ਦਾ ਧੰਦਾ ਚੌਪਟ ਹੋ ਗਿਆ ਹੈ। ਦੁਕਾਨਦਾਰਾਂ ਨੇ ਬੱਸਾਂ ਦਾ ਰੂਟ ਬਦਲਣ ਲਈ ਕਈ ਵਾਰ ਗੁਹਾਰ ਲਗਾਈ ਹੈ ਪਰ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ ਤੇ ਹੁਣ ਮਜਬੂਰ ਹੋ ਦੁਕਾਨਦਾਰਾਂ ਨੇ ਬਾਈਕਾਟ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਇਹ ਮੰਗ ਪੂਰੀ ਨਾ ਹੋਈ ਤਾਂ ਉਕਤ ਤਿੰਨੇ ਮਾਰਕੀਟਾਂ ਦੇ ਦੁਕਾਨਦਾਰ ਨਗਰ ਕੌਂਸਲ ਚੋਣਾਂ ਦਾ ਬਾਈਕਾਟ ਕਰਨਗੇ।