ਰਤਨ ਸਿੰਘ ਢਿੱਲੋਂ
ਅੰਬਾਲਾ, 11 ਜਨਵਰੀ
ਹਰਿਆਣਾ ਜਨਚੇਤਨਾ ਪਾਰਟੀ ਦੀ ਆਗੂ ਅਮਰਜੀਤ ਕੌਰ ਸੋਢੀ ਦੀ ਉਸ ਦੇ ਪੂਰਬ ਭਾਈਵਾਲ ਇਸ਼ਮ ਸਿੰਘ ਵਾਸੀ ਅੰਮ੍ਰਿਤਪੁਰ ਜ਼ਿਲ੍ਹਾ ਕਰਨਾਲ ਵੱਲੋਂ ਬੀਤੇ ਕੱਲ੍ਹ ਗੋਲੀ ਮਾਰ ਕੇ ਹੱਤਿਆ ਕਰਨ ਅਤੇ ਫਿਰ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਪੁਲੀਸ ਨੇ ਮ੍ਰਿਤਕਾ ਦੇ ਬੇਟੇ ਗਗਨਦੀਪ ਸਿੰਘ ਦੀ ਸ਼ਿਕਾਇਤ ’ਤੇ 302 ਹੇਠ ਕੇਸ ਦਰਜ ਕਰ ਕੇ ਜਾਂਚ ਤੇਜ਼ ਕਰ ਦਿੱਤੀ ਹੈ। ਅੱਜ ਬਲਦੇਵ ਨਗਰ ਪੁਲੀਸ ਨੇ ਦੋਵੇਂ ਲਾਸ਼ਾਂ ਪੋਸਟਮਾਰਟਮ ਤੋਂ ਬਾਅਦ ਪਰਿਵਾਰਾਂ ਨੂੰ ਸੌਂਪ ਦਿੱਤੀਆਂ।
ਥਾਣਾ ਇੰਚਾਰਜ ਹਮੀਰ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾਣਗੇ ਅਤੇ ਕਾਲ ਡਿਟੇਲ ਦੀ ਵੀ ਜਾਂਚ ਕੀਤੀ ਜਾਵੇਗੀ। ਮੁੱਢਲੀ ਜਾਂਚ ਵਿੱਚ ਇਸ ਗੋਲੀ ਕਾਂਡ ਦਾ ਕਾਰਨ ਆਪਸੀ ਲੈਣ-ਦੇਣ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਇਸ਼ਮ ਸਿੰਘ ਕਰੀਬ 10 ਸਾਲ ਪਹਿਲਾਂ ਅਮਰਜੀਤ ਕੌਰ ਦੇ ਨਾਲ ਸ਼ਰਾਬ ਦੇ ਕਾਰੋਬਾਰ ਵਿੱਚ ਭਾਈਵਾਲ ਸੀ ਅਤੇ ਆਪਣੇ ਕਰਿੰਦੇ ਦੀ ਹੱਤਿਆ ਦੇ ਜੁਰਮ ਵਿੱਚ ਜੇਲ੍ਹ ਵਿੱਚ ਸੀ ਜਿੱਥੋਂ ਉਹ ਕਰੋਨਾ ਕਾਲ ’ਚ ਪੈਰੋਲ ’ਤੇ ਆਇਆ ਹੋਇਆ ਸੀ। ਅੱਜ ਦੁਪਹਿਰ ਬਾਅਦ ਪੋਸਟਮਾਰਟਮ ਮੌਕੇ ਕਰਨਾਲ ਤੋਂ ਪਹੁੰਚੇ ਇਸ਼ਮ ਸਿੰਘ ਦੇ ਪਰਿਵਾਰ ਵਾਲਿਆਂ ਨੇ ਪੁਲੀਸ ਨੂੰ ਇੱਕ ਹਲਫੀਆ ਬਿਆਨ ਸੌਂਪਿਆ ਹੈ ਜਿਸ ਵਿੱਚ ਇਸ਼ਮ ਸਿੰਘ ਦੇ ਦਸਤਖ਼ਤ ਹੋੋਣ ਦਾ ਦਾਅਵਾ ਕੀਤਾ ਗਿਆ ਹੈ। ਇਸ ਬਿਆਨ ਵਿੱਚ ਇਸ਼ਮ ਸਿੰਘ ਅਤੇ ਅਮਰਜੀਤ ਕੌਰ ਦੇ ਵਿਚਕਾਰ ਕਥਿਤ ਰੁਪਇਆਂ ਅਤੇ ਪਲਾਟ ਦੇ ਲੈਣ-ਦੇਣ ਤੋਂ ਬਿਨਾਂ ਗਹਿਣਿਆਂ ਦਾ ਜ਼ਿਕਰ ਹੈ। ਪੁਲੀਸ ਇਸ ਹਲਫ਼ੀਆ ਬਿਆਨ ਦੀ ਸੱਚਾਈ ਜਾਣਨ ’ਚ ਜੁਟ ਗਈ ਹੈ।