ਪੱਤਰ ਪ੍ਰੇਰਕ
ਟੋਹਾਣਾ, 30 ਅਪਰੈਲ
ਫਤਿਹਾਬਾਦ ਦੇ ਡਿਪਟੀ ਕਮਿਸ਼ਨਰ ਨੇ ਬੀਤੇ ਸਾਲ ਭਾਰੀ ਮੀਂਹ ਨਾਲ ਤਬਾਹ ਹੋਈਆਂ ਫ਼ਸਲਾਂ ਤੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੂੰ ਦਰਕਿਨਾਰ ਕਰਦੇ ਹੋਏ ਬੀਮਾ ਕੰਪਨੀ ਨੂੰ ਲਾਭ ਪਹੁੰਚਾਉਣ ’ਤੇ ਖੇਤੀਬਾੜੀ ਵਿਭਾਗ ਦੇ ਚਾਰ ਅਤੇ ਬੀਮਾ ਕੰਪਨੀ ਦੇ ਤਿੰਨ ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਹ ਕਾਰਵਾਈ ਐੱਸਡੀਐੱਮ ਵੱਲੋਂ ਜਾਂਚ ਕਰਨ ’ਤੇ ਆਈ ਰਿਪੋਰਟ ਦੇ ਅਧਾਰ ’ਤੇ ਕੀਤੀ ਗਈ ਹੈ। ਡੀਐੱਸਪੀ ਅਜਾਇਬ ਸਿੰਘ ਨੇ ਦੱਸਿਆ ਕਿ ਭੁਨਾ ਖੇਤੀਬਾੜੀ ਅਧਿਕਾਰੀ ਕ੍ਰਿਸ਼ਨ ਕੁਮਾਰ, ਜਾਂਡਲੀ ਖੇਤੀ ਵਿਭਾਗ ਅਧਿਕਾਰੀ ਉਮੈਦ ਸਿੰਘ, ਤੇ ਸੁਪਵਾਈਜ਼ਰ ਰਾਮਨਿਵਾਸ, ਏਡੀਓ ਦਵਿੰਦਰ ਪਾਲ ਤੋਂ ਇਲਾਵਾ ਬਜਾਜ ਅਲਾਇੰਸ ਬੀਮਾ ਕੰਪਨੀ ਦੇ ਅਧਿਕਾਰੀ ਅਦੇਸ਼ ਕੁਮਾਰ, ਕੁਲਦੀਪ ਗਿਲਾਂਡ ਤੇ ਬਿਟੂੁ ਬੈਨੀਵਾਲ ਨੂੰ ਨਾਮਜ਼ਦ ਕੀਤਾ ਗਿਆ ਹੈ। ਡੀਐੱਸਪੀ ਨੇ ਦੱਸਿਆ ਕਿ ਮੀਂਹ ਕਾਰਨ ਖ਼ਰਾਬ ਫ਼ਸਲਾਂ ਦੀ ਰਿਪੋਰਟ ਬਦਲ ਦੇਣ ਨਾਲ ਬੀਮਾ ਕੰਪਨੀ ਮੁਆਵਜ਼ਾ ਦੇਣ ਤੋਂ ਬਚ ਗਈ, ਜਦੋਂਕਿ ਫ਼ਸਲਾਂ ਪੂਰੀ ਤਰ੍ਹਾਂ ਬਰਬਾਦ ਹੋ ਗਈਆਂ ਸਨ। ਮੁਆਵਜ਼ੇ ਦੀ ਮੰਗ ਨੂੰ ਲੈ ਕੇ ਜਾਂਡਲੀ ਦੇ ਸੈਂਕੜੇ ਕਿਸਾਨਾਂ ਨੇ ਧਰਨਾ ਦਿੱਤਾ ਸੀ। ਇਸ ਮਗਰੋਂ ਐੱਸਡੀਐੱਮ ਤੋਂ ਪੂਰੇ ਮਾਮਲੇ ਦੀ ਜਾਂਚ ਕਰਵਾਈ, ਜਿਸ ਤੋਂ ਰਿਪੋਰਟ ਬਦਲਣ ਸਬੰਧੀ ਖੁਲਾਸਾ ਹੋਇਆ।