ਪੱਤਰ ਪ੍ਰੇਰਕ
ਜੀਂਦ, 3 ਅਪਰੈਲ
ਜ਼ਿਲ੍ਹੇ ਦੇ ਪਿੰਡ ਅਲੇਵਾ ਵਿੱਚ ਸਥਿਤ ਸਿਰੜੀ ਬਾਬਾ ਦੇ ਡੇਰੇ ਵਿੱਚ ਮਹੰਤ ਵੱਲੋਂ ਸੇਵਾਦਾਰ ਦੀ ਕੁੱਟਮਾਰ ਕਰਕੇ ਹੱਤਿਆ ਕਰਨ ਦਾ ਸਮਾਚਾਰ ਮਿਲਿਆ ਹੈ। ਘਟਨਾ ਨੂੰ ਅੰਜਾਮ ਦੇ ਕੇ ਮਹੰਤ ਫਰਾਰ ਹੋ ਗਿਆ। ਜਾਣਕਾਰੀ ਅਨੁਸਾਰ ਮਹੰਤ ਕੁਲਦੀਪ ਉਰਫ ਸ਼ੰਭੂ ਨਾਥ ਦਾ ਕਰਨਾਲ ਜ਼ਿਲ੍ਹੇ ਦੇ ਪਿੰਡ ਪੋਪੜਾ ਵਾਸੀ 46 ਸਾਲਾ ਸੇਵਾਦਾਰ ਰਾਮਫਲ ਨਾਲ ਕਿਸੇ ਗੱਲ ਤੋਂ ਝਗੜਾ ਹੋ ਗਿਆ। ਇਸ ਨੂੰ ਲੈ ਕੇ ਮਹੰਤ ਕੁਲਦੀਪ ਨੇ ਸੇਵਾਦਾਰ ਰਾਮਫਲ ਉੱਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ, ਜਿਸ ਮਗਰੋਂ ਉਸਦੀ ਮੌਤ ਹੋ ਗਈ। ਪੁਲੀਸ ਨੂੰ ਸੂਚਨਾ ਮਿਲਦੇ ਹੀ ਘਟਨਾ ਸਥਾਨ ਉੱਤੇ ਥਾਣਾ ਅਲੇਵਾ ਦੇ ਮੁਖੀ ਬੀਰਬਲ ਸਿੰਘ ਆਪਣੀ ਟੀਮ ਨਾਲ ਪਹੁੰਚੇ। ਮ੍ਰਿਤਕ ਰਾਮਫਲ ਦੇ ਭਰਾ ਦਿਨੇਸ਼ ਦੁਆਰਾ ਪੁਲੀਸ ਨੂੰ ਦਿੱਤੇ ਗਏ ਬਿਆਨਾਂ ਵਿੱਚ ਕਿਹਾ ਹੈ ਕਿ ਦੋ ਤਿੰਨ ਮਹੀਨਿਆਂ ਤੋਂ ਰਾਮ ਫਲ ਘਰੋਂ ਗਿਆ ਸੀ ਤੇ ਸਿਰੜੀ ਬਾਬਾ ਡੇਰੇ ਵਿੱਚ ਸੇਵਾਦਾਰ ਵਜੋਂ ਕੰਮ ਕਰ ਰਿਹਾ ਸੀ। ਰਾਮਫਲ ਸ਼ਰਾਬ ਆਦਿ ਪੀਣ ਦਾ ਆਦੀ ਸੀ ਤੇ ਉੱਥੇ ਡੇਰੇ ਵਿੱਚ ਸ਼ਰਧਾਲੂ ਸ਼ਰਾਬ ਚੜ੍ਹਾ ਕੇ ਜਾਂਦੇ ਸੀ, ਜਿਸਨੂੰ ਮਹੰਤ ਅਤੇ ਉਸਦਾ ਭਰਾ ਪੀ ਲੈਂਦੇ ਸਨ। ਪਿਛਲੀ ਸ਼ਾਮ ਰੋਟੀ ਬਣਾਉਣ ਦੇ ਮੁੱਦੇ ਨੂੰ ਲੈ ਕੇ ਉਨ੍ਹਾਂ ਵਿਚਾਲੇ ਝਗੜਾ ਹੋ ਗਿਆ, ਜਿਸਦੇ ਚਲਦੇ ਮਹੰਤ ਨੇ ਉਸਦੇ ਭਰਾ ਦੀ ਹੱਤਿਆ ਕਰ ਦਿੱਤੀ ਹੈ। ਲੋਕਾਂ ਦੇ ਅਨੁਸਾਰ ਰਾਮਫਲ ਮਹੰਤ ਲਈ ਪਿੰਡ ’ਚੋਂ ਦੁੱਧ ਵਗੇਰਾ ਵੀ ਮੰਗ ਕੇ ਲਿਆਉਂਦਾ ਹੁੰਦਾ ਸੀ। ਪੁਲੀਸ ਨੇ ਮਹੰਤ ਅਤੇ ਕੁਝ ਹੋਰ ਲੋਕਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸੁਰੂ ਕਰ ਦਿੱਤੀ ਹੈ।