ਰਤਨ ਸਿੰਘ ਢਿੱਲੋਂ
ਅੰਬਾਲਾ, 2 ਅਗਸਤ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ, ‘‘ਹਰਿਆਣਾ ਵਿਚ ਵੱਖਰੀ ਕਮੇਟੀ ਦਾ ਕੋਈ ਮਤਲਬ ਨਹੀਂ ਹੈ, ਉਹ ਤਾਂ ਲੁਟੇਰੇ ਚੀਕਾ ਸਾਹਿਬ ਦੇ ਗੁਰਦੁਆਰੇ ਵਿੱਚ ਜ਼ਬਰਦਸਤੀ ਵੜ ਗਏ ਸਨ। ਉਨ੍ਹਾਂ ਬੇਹੁਰਮਤੀ ਕੀਤੀ, ਮਰਿਆਦਾ ਦਾ ਘਾਣ ਕੀਤਾ। ਅਸੀਂ ਤਾਕਤ ਨਾਲ ਬਾਹਰ ਕੱਢਣਾ ਠੀਕ ਨਹੀਂ ਸਮਝਿਆ ਅਤੇ ਫਿਰ ਸੁਪਰੀਮ ਕੋਰਟ ਨੇ ਸਟੇਟਸ ਕੋਅ ਦਾ ਫ਼ੈਸਲਾ ਦੇ ਦਿੱਤਾ। ਜੇ ਉਹ ਸੇਵਾ ਕਰੀ ਜਾਂਦੇ ਹਨ ਤਾਂ ਸਾਨੂੰ ਕੋਈ ਇਤਰਾਜ਼ ਨਹੀਂ।’ ਉਹ ਅੱਜ ਗੁਰੂ ਹਰਿ ਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ ਪੁਰਬ ਸਬੰਧੀ ਗੁਰੂ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਪੰਜੋਖਰਾ ਸਾਹਿਬ ਵਿਖੇ ਲੱਗੇ ਦੋ ਰੋਜ਼ਾ ਸਾਲਾਨਾ ਜੋੜ ਮੇਲ ਵਿਚ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਇੱਥੇ ਇਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕੀਤਾ।
ਗੁਰੂ ਹਰਿ ਕ੍ਰਿਸ਼ਨ ਸਾਹਿਬ ਖ਼ਾਲਸਾ ਕਾਲਜ ਪੰਜੋਖਰਾ ਸਾਹਿਬ ਦੇ ਸਟਾਫ਼਼ ਨੂੰ ਪਿਛਲੇ ਇਕ ਸਾਲ ਤੋਂ ਤਨਖ਼ਾਹਾਂ ਨਾ ਮਿਲਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਬੀਬੀ ਜਗੀਰ ਕੌਰ ਨੇ ਕਿਹਾ, ‘‘ਸ਼੍ਰੋਮਣੀ ਕਮੇਟੀ ਦਾ ਕੰਮ ਵਿੱਦਿਅਕ ਸੰਸਥਾਵਾਂ ਖੋਲ੍ਹਣਾ ਨਹੀਂ ਸਗੋਂ ਗੁਰਮਤਿ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਹੈ। ਕੋਵਿਡ-19 ਕਰ ਕੇ ਗੁਰਦੁਆਰਿਆਂ ਵਿਚ ਸੰਗਤ ਨਹੀਂ ਆਈ ਤੇ ਕਮੇਟੀ ਨੂੰ ਆਮਦਨ ਨਹੀਂ ਹੋਈ, ਇਸ ਕਰ ਕੇ ਤਨਖ਼ਾਹਾਂ ਨਹੀਂ ਦਿੱਤੀਆਂ ਗਈਆਂ। ਹੁਣ ਸੰਗਤ ਦੀ ਆਮਦ ਸ਼ੁਰੂ ਹੋਈ ਹੈ ਜਿਸ ਨਾਲ ਆਸ ਬੱਝੀ ਹੈ।’’ ਉਨ੍ਹਾਂ ਕਿਹਾ ਕਿ ਕਾਲਜਾਂ ਨੂੰ ਚਾਹੀਦਾ ਹੈ ਕਿ ਬੱਚਿਆਂ ਨੂੰ ਖ਼ੁਦ ਕਾਲਜਾਂ ਵਿੱਚ ਲਿਆ ਕੇ ਆਪਣੀਆਂ ਤਨਖ਼ਾਹਾਂ ਪੂਰੀਆਂ ਕਰਨ। ਉਨ੍ਹਾਂ ਕਿਹਾ, ‘‘ਹਰਿਆਣਾ ਦੇ ਗੁਰਦੁਆਰਿਆਂ ਵਿਚੋਂ ਇਕ-ਦੋ ਨੂੰ ਛੱਡ ਕੇ ਕਿਸੇ ਦਾ ਦਸਵੰਧ ਨਹੀਂ ਆਇਆ ਹੈ। ਅੱਜ ਤੱਕ ਕਿਸੇ ਕਾਲਜ ਸਕੂਲ ਤੋਂ ਇਕ ਰੁਪਈਆ ਆਮਦਨ ਨਹੀਂ ਆਈ ਫਿਰ ਵੀ ਅਸੀਂ ਤਨਖ਼ਾਹਾਂ ਦੇਣ ਲਈ ਵਚਨਬੱਧ ਹਾਂ। ਗੁਰਦੁਆਰਿਆਂ ਦੇ ਸਟਾਫ਼ ਨੂੰ ਤਨਖ਼ਾਹਾਂ ਪੂਰੀਆਂ ਦਿੱਤੀਆਂ ਜਾ ਰਹੀਆਂ ਹਨ।’’ ਕਿਸਾਨ ਸੰਘਰਸ਼ ਦੀ ਹਮਾਇਤ ਦਾ ਅਹਿਦ ਦੁਹਰਾਉਂਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਜਦੋਂ ਤੱਕ ਕਿਸਾਨ ਅੰਦੋਲਨ ਚੱਲੇਗਾ ਸ਼੍ਰੋਮਣੀ ਕਮੇਟੀ ਲੰਗਰ, ਦਵਾਈਆਂ ਆਦਿ ਨਾਲ ਸੇਵਾ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ਤਗ਼ਮੇ ਜਿੱਤਣ ਵਾਲੇ ਸਿੱਖ ਖਿਡਾਰੀਆਂ ਨੂੰ ਕਮੇਟੀ 2-2 ਲੱਖ ਰੁਪਏ ਦੇ ਕੇ ਸਨਮਾਨਿਤ ਕਰੇਗੀ। ਗੁਰੂ ਰਾਮ ਦਾਸ ਸਰਾਂ ਬਾਰੇ ਚੱਲ ਰਹੇ ਵਿਵਾਦ ਦੇ ਸਬੰਧ ਵਿਚ ਉਨ੍ਹਾਂ ਕਿਹਾ ਕਿ ਉਹ ਸਰਾਂ ਢਾਹ ਕੇ ਨਹੀਂ ਬਣਾ ਰਹੇ ਹਨ, ਬਲਕਿ ਜਿੱਥੋਂ ਢਾਹੁਣ ਦੀ ਲੋੜ ਹੋਵੇਗੀ ਸਿਰਫ਼ ਉੱਥੋਂ ਹੀ ਢਾਹੀ ਜਾਵੇਗੀ। ਇਸ ਮੌਕੇ ਤੇ ਹਰਿਆਣਾ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਹਰਪਾਲ ਸਿੰਘ ਮਛੌਂਡਾ, ਅਮਰੀਕ ਸਿੰਘ ਜਨੇਤਪੁਰ, ਭੁਪਿੰਦਰ ਸਿੰਘ ਅਸੰਧ (ਕਰਨਾਲ), ਹਰਭਜਨ ਸਿੰਘ ਮਸਾਣਾ ਮੈਂਬਰ ਅੰਤ੍ਰਿੰਗ ਕਮੇਟੀ, ਬਲਦੇਵ ਸਿੰਘ ਕੈਮਪੁਰ (ਜਗਾਧਰੀ) ਵੀ ਮੌਜੂਦ ਸਨ।