ਪੱਤਰ ਪ੍ਰੇਰਕ
ਕੁਰੂਕਸ਼ੇਤਰ, 2 ਅਗਸਤ
ਇੱਥੋਂ ਦੀ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਸਵਾਮੀ ਵਿਵੇਕਾਨੰਦ ਹੋਸਟਲ ਵਿੱਚ ਨੌਜਵਾਨਾਂ ਦੇ ਵਰਤਮਾਨ ਅਤੇ ਭਵਿੱਖ ਨੂੰ ਧਿਆਨ ਵਿਚ ਰੱਖਦੇ ਹੋਏ ‘ਯੁਵਾ ਸ਼ਕਤੀ-ਨਸ਼ਾਮੁਕਤੀ: ਸਮੱਸਿਆਵਾਂ ਅਤੇ ਸਮਾਧਾਨ’ ਵਿਸ਼ੇ ‘ਤੇ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੇ ਸੰਚਾਲਕ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ, ਡਿਪਟੀ ਚੀਫ ਵਾਰਡਨ ਡਾ. ਕੁਲਦੀਪ ਸਿੰਘ ਸਨ। ਸੈਮੀਨਾਰ ‘ਚ ਮੁੱਖ ਮਹਿਮਾਨ ਦੇ ਤੌਰ ‘ਤੇ ਬੁਆਇਜ਼ ਹੋਸਟਲ ਦੇ ਚੀਫ ਵਾਰਡਨ ਪ੍ਰੋਫੈਸਰ ਦਿਨੇਸ਼ ਰਾਣਾ ਅਤੇ ਮੁੱਖ ਬੁਲਾਰਾ ਡਾ. ਰਣਬੀਰ ਸਿੰਘ ਬਤਾਨ (ਪ੍ਰੋਜੈਕਟ ਡਾਇਰੈਕਟਰ ਆਈ.ਡੀ.ਯੂ.) ਨੇ ਸ਼ਿਰਕਤ ਕੀਤੀ।
ਮੁੱਖ ਬੁਲਾਰੇ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਅੱਜ ਨੌਜਵਾਨ ਨਸ਼ੇ ਦਾ ਸ਼ਿਕਾਰ ਹੋ ਰਿਹਾ ਹੈ ਤੇ ਨਸ਼ਿਆਂ ਕਾਰਨ ਨੌਜਵਾਨਾਂ ਦੀ ਮੌਤ ਦੇ ਅੰਕੜੇ ਦਿਨੋਂ-ਦਿਨ ਵੱਧਦੇ ਜਾ ਰਹੇ ਹਨ। ਇਸ ਦੌਰਾਨ ਉਨ੍ਹਾਂ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਅਤੇ ਇਕ ਚੰਗੀ ਜ਼ਿੰਦਗੀ ਜਿਉਣ ਦੀ ਅਪੀਲ ਕੀਤੀ। ਮੁੱਖ ਮਹਿਮਾਨ ਦਿਨੇਸ਼ ਰਾਣਾ ਨੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੱਦਾ ਦਿੰਦੇ ਹੋਏ ਉਨ੍ਹਾਂ ਦੇ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਡਾ. ਕੁਲਦੀਪ ਸਿੰਘ ਨੇ ਪ੍ਰੋਗਰਾਮ ਦੇ ਅੰਤ ਵਿਚ ਡਾ. ਬਤਾਨ ਅਤੇ ਪ੍ਰੋਫੈਸਰ ਰਾਣਾ ਦੀਆਂ ਗੱਲਾਂ ਨਾਲ ਸਹਿਮਤੀ ਜਤਾਉਂਦੇ ਹੋਏ ਬੱਚਿਆਂ ਨੂੰ ਨਸ਼ਿਆਂ ਦੇ ਸਮਾਜ ਅਤੇ ਜ਼ਿੰਦਗੀ ‘ਤੇ ਮਾੜੇ ਅਸਰ ਬਾਰੇ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਨਸ਼ਿਆਂ ਤੋਂ ਦੂਰ ਰਹਿਕੇ ਹੀ ਚੰਗਾ ਜੀਵਨ ਬਤੀਤ ਕੀਤਾ ਜਾ ਸਕਦਾ ਹੈ। ਇਸ ਮੌਕੇ ਵੱਖ-ਵੱਖ ਹੋਸਟਲਾਂ ਤੋਂ ਆਏ ਵਿਦਿਆਰਥੀ ਅਤੇ ਖੋਜਾਰਥੀਆਂ ਨੂੰ ਨਸ਼ਾ ਕਰਨ ਸਬੰਧੀ ਸਹੁੰ ਵੀ ਚੁਕਾਈ ਗਈ। ਸੈਮੀਨਾਰ ਦੇ ਅਖੀਰ ਵਿਚ ਡਾ. ਕੁਲਦੀਪ ਸਿੰਘ ਅਤੇ ਮੁੱਖ ਮਹਿਮਾਨ ਰਾਣਾ ਵਲੋਂ ਮੁੱਖ ਬੁਲਾਰੇ ਨੂੰ ਯਾਦ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।