ਪੱਤਰ ਪ੍ਰੇਰਕ
ਰਤੀਆ, 24 ਜੁਲਾਈ
ਐੱਸ.ਡੀ.ਐੱਮ ਡਾ. ਵਰਿੰਦਰ ਸਿੰਘ ਨੇ ਆਪਣੇ ਦਫ਼ਤਰ ਵਿਚ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਅਨੁਸੂਚਿਤ ਜਾਤੀ, ਜਨਜਾਤੀ ਅੱਤਿਆਚਾਰ ਨਿਵਾਰਨ ਐਕਟ ਤਹਿਤ ਪੀੜਤ ਪਰਿਵਾਰ ਨੂੰ ਮਿਲਣ ਵਾਲੀ ਆਰਥਿਕ ਸਹਾਇਤਾ ਜਲਦ ਤੋਂ ਜਲਦ ਉਪਲਬਧ ਕਰਵਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਸਾਰੇ ਵਿਭਾਗ ਆਪਸੀ ਤਾਲਮੇਲ ਨਾਲ ਕੰਮ ਨੂੰ ਪੂਰਾ ਕਰਵਾਉਣ ਵਿਚ ਸਹਿਭਾਗੀ ਬਣਨ। ਉਨ੍ਹਾਂ ਕਿਹਾ ਕਿ ਬਾਰਿਸ਼ ਕਾਰਨ ਸੜਕਾਂ ’ਤੇ ਪਏ ਟੋਇਆਂ ਦੀ ਮੁਰੰਮਤ ਅਤੇ ਸਟਰੀਟ ਲਾਈਟ ਦੇ ਰੂਪ ਵਿਚ ਬਿਜਲੀ ਵਿਵਸਥਾ ਨੂੰ ਠੀਕ ਕੀਤਾ ਜਾਵੇ। ਸੀਵਰੇਜ ਵਿਵਸਥਾ ਨੂੰ ਸੁਚਾਰੂ ਰੂਪ ਵਿਚ ਮਸ਼ੀਨਾਂ ਰਾਹੀਂ ਸਫਾਈ ਕਰਵਾਈ ਜਾਵੇ। ਉਨ੍ਹਾਂ ਦੱਸਿਆ ਕਿ ਕਿਸੇ ਕਰਮਚਾਰੀ ਦੀ ਮੌਤ ਸੀਵਰੇਜ ਜਾਂ ਟੈਂਕ ਸਫਾਈ ਦੌਰਾਨ ਹੋਈ ਹੈ ਤਾਂ ਉਸ ਦੇ ਵਾਰਸਾਂ ਨੂੰ ਸਰਕਾਰ ਵਲੋਂ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਐੱਸ.ਡੀ.ਐੱਮ ਡਾ. ਵਰਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਆਮ ਲੋਕਾਂ ਤੱਕ ਸਹੀ ਤਰੀਕੇ ਨਾਲ ਪਹੁੰਚਾਉਣ ਵਿਚ ਅਧਿਕਾਰੀਆਂ ਦੀ ਮੁੱਖ ਭੂਮਿਕਾ ਹੈ, ਅਜਿਹੇ ਵਿਚ ਸਬੰਧਤ ਵਿਭਾਗ ਆਪਣੇ ਕਰੱਤਵਾਂ ਨੂੰ ਬਿਹਤਰ ਢੰਗ ਨਾਲ ਕਰਦੇ ਹੋਏ ਲੋਕਾਂ ਨੂੰ ਲਾਭ ਪਹੁੰਚਾਉਣ। ਮੀਟਿੰਗ ਵਿਚ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਸੰਦੀਪ ਭਾਰਦਵਾਜ, ਸ਼ਹਿਰੀ ਥਾਣਾ ਇੰਚਾਰਜ ਜਗਦੀਸ਼ ਚੰਦਰ, ਤਹਿਸੀਲ ਕਲਿਆਣ ਅਧਿਕਾਰੀ ਸੁਰੇਸ਼ ਕੁਮਾਰ, ਹਾਰਟਿਕ ਕਲਚਰ ਵਿਭਾਗ ਦੇ ਅਧਿਕਾਰੀ ਅਜੇ ਕੁਮਾਰ, ਜ਼ਿਲ੍ਹਾ ਪਰਿਸ਼ਦ ਕੁਮਾਰੀ ਬੀਬੋ ਇੰਦੌਰਾ, ਮਾਰਕੀਟ ਕਮੇਟੀ ਸਹਾਇਕ ਸਕੱਤਰ ਨਿਸ਼ਾਂਤ ਕੁਮਾਰ, ਹਰਮੇਸ਼ ਸ਼ਰਮਾ, ਜੋਗਿੰਦਰ ਸਿੰਘ ਸਮੇਤ ਸਬੰਧਤ ਹੋਰ ਅਧਿਕਾਰੀ ਹਾਜ਼ਰ ਸਨ।