ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 14 ਅਕਤੂਬਰ
ਪੰਚਕੂਲਾ-ਜਗਾਧਰੀ ਹਾਈਵੇਅ ’ਤੇ ਕਾਂਸਾਪੁਰ ਪਿੰਡ ਕੋਲ ਅੱਜ ਸਵੇਰੇ ਜਨਤਾ ਸਕੂਲ ਸਰਸਵਤੀ ਨਗਰ ਯਮੁਨਾਨਗਰ ਦੀ ਬੱਸ ਅਤੇ ਯੂਪੀ ਨੰਬਰ ਦੀ ਪਿਕਅਪ ਦੀ ਟੱਕਰ ਹੋ ਗਈ ਜਿਸ ਕਾਰਨ ਪਿਕਅਪ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ ਦੋ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਨ੍ਹਾਂ ਨੂੰ ਇਲਾਜ ਲਈ ਮੁਲਾਣਾ ਮੈਡੀਕਲ ਕਾਲਜ ’ਚ ਭਰਤੀ ਕਰਾਇਆ ਗਿਆ ਹੈ। ਮ੍ਰਿਤਕ ਦੀ ਪਛਾਣ ਸੁਰਿੰਦਰ ਵਾਸੀ ਸਲਹਾਪੁਰ (ਜ਼ਿਲ੍ਹਾ ਸਹਾਰਨਪੁਰ) ਵਜੋਂ ਹੋਈ। ਜ਼ਖ਼ਮੀਆਂ ਵਿੱਚ ਨਿਰਭਾ ਤੇ ਸਹਬਿਾ ਮਾਜਰਾ ਦੇ ਘਣਸ਼ਾਮ ਸ਼ਾਮਲ ਹਨ। ਮੁਲਾਣਾ ਪੁਲੀਸ ਨੂੰ ਦਿੱਤੇ ਬਿਆਨ ਵਿੱਚ ਪਿਕਅਪ ਦੇ ਡਰਾਈਵਰ ਸ਼ਿਵ ਕੁਮਾਰ ਉਰਫ਼ ਛਿੱਬੂ ਵਾਸੀ ਮੁਹੱਲਾ ਮਖਦੁਜਹਾਂ ਕਸਬਾ ਗੰਗੋਹ ਜ਼ਿਲ੍ਹਾ ਸਹਾਰਨਪੁਰ ਨੇ ਦੱਸਿਆ ਕਿ ਉਹ ਨਿਰਭਾ, ਸੁਰਿੰਦਰ ਕੁਮਾਰ ਤੇ ਘਣਸ਼ਾਮ ਚੰਡੀਗੜ੍ਹ ਵਿੱਚ ਸਬਜ਼ੀ ਵੇਚ ਕੇ ਵਾਪਸ ਜਾ ਰਹੇ ਸਨ। ਸਵੇਰੇ ਜਦੋਂ ਉਹ ਕਾਂਸਾਪੁਰ ਬੱਸ ਅੱਡੇ ਕੋਲ ਪਹੁੰਚੇ ਤਾਂ ਕਾਂਸਾਪੁਰ ਤੋਂ ਆਈ ਸਕੂਲ ਬੱਸ ਦੇ ਚਾਲਕ ਨੇ ਬਿਨਾਂ ਦੇਖੇ ਬੱਸ ਨੂੰ ਯਮੁਨਾਨਗਰ ਵੱਲ ਮੋੜਦਿਆਂ ਪਿਕਅਪ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਟੱਕਰ ਏਨੀ ਜਬਰਦਸਤ ਸੀ ਕਿ ਪਿਕਅਪ ਸਕੂਲ ਬੱਸ ਦੇ ਥੱਲੇ ਵੜ ਗਈ। ਹਾਦਸੇ ਵਿੱਚ ਸੁਰਿੰਦਰ ਦੀ ਮੌਤ ਹੋ ਗਈ ਜਦੋਂ ਕਿ ਨਿਰਭਾ ਤੇ ਘਣਸ਼ਾਮ ਨੂੰ ਗੰਭੀਰ ਹਾਲਤ ਵਿੱਚ ਇਲਾਜ ਲਈ ਮੁਲਾਣਾ ਮੈਡੀਕਲ ਕਾਲਜ ’ਚ ਭਰਤੀ ਕਰਾਇਆ ਗਿਆ ਹੈ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।