ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 29 ਦਸੰਬਰ
ਨੇੜਲੇ ਪਿੰਡ ਕਾਲੀਰਾਣੋ ਵਿੱਚ ਸਰਬਖਾਪ ਮਹਿਲਾ ਵਿੰਗ ਦੀ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਰਬ ਖਾਪ ਮਹਿਲਾ ਵਿੰਗ ਦੀ ਕੌਮੀ ਪ੍ਰਧਾਨ ਡਾ. ਸੰਤੋਸ਼ ਦਹੀਆ ਨੇ ਕਿਹਾ ਕਿ ਸਰਬ ਖਾਪ ਮਹਿਲਾ ਮਹਾ ਪੰਚਾਇਤ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ। ਇਹ ਸੰਗਠਨ ਪੂਰੇ ਦੇਸ਼ ਦੇ ਹਰ ਸੂਬੇ, ਜ਼ਿਲ੍ਹਾ ਤੇ ਪੇਂਡੂ ਪੱਧਰ ’ਤੇ ਬਣਾਇਆ ਜਾ ਰਿਹਾ ਹੈ ਤਾਂ ਜੋ ਮਹਿਲਾਵਾਂ ਦੇ ਨਾਲ ਨਾਲ ਹੋਰ ਲੋਕਾਂ ਦੇ ਅਧਿਕਾਰਾਂ ਨੂੰ ਪ੍ਰਮੁੱਖਤਾ ਨਾਲ ਉਠਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ 34 ਦਿਨ ਤੋਂ ਦਿੱਲੀ ਵਿੱਚ ਕੜਕਦੀ ਠੰਢ ਦੌਰਾਨ ਧਰਨੇ ’ਤੇ ਬੈਠੇ ਕਿਸਾਨਾਂ ਦੀ ਹਾਲਤ ਵੱਲ ਵੇਖਣਾ ਚਾਹੀਦਾ ਹੈ ਅਤੇ ਖੇਤੀ ਕਾਨੂੰਨ ਰੱਦ ਕਰਨੇ ਚਾਹੀਦੇ ਹਨ। ਮੰਡੀ ਵਿਵਸਥਾ ਬਾਰੇ ਗੱਲ ਕਰਦਿਆਂ ਸ੍ਰੀਮਤੀ ਦਹੀਆ ਨੇ ਕਿਹਾ ਕਿ ਕਿਸਾਨ ਕੋਲ ਆਪਣੀਆਂ ਸਬਜ਼ੀਆਂ ਤੇ ਫ਼ਸਲਾਂ ਨੂੰ ਸਟੋਰ ਕਰਨ ਦੀ ਵਿਵਸਥਾ ਨਹੀਂ ਕਿਉਂਕਿ ਕਿਸਾਨ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠ ਹੈ। ਕਿਸਾਨ ਫਸਲ ਆਉਂਦੇ ਹੀ ਵੇਚ ਕੇ ਆਪਣਾ ਕਰਜ ਚੁਕਾਉਣ ਦੀ ਸੋਚਦਾ ਹੈ। ਦਹੀਆ ਨੇ ਕਿਹਾ ਕਿ ਰੋਜ਼ਾਨਾ ਦੀਆਂ ਚੀਜ਼ਾ ਤੇ ਸਟਾਕ ਦੀ ਪਾਬੰਦੀ ਖ਼ਤਮ ਹੋਣ ਨਾਲ ਪੂਰੀ ਵਿਵਸਥਾ ਵਿਗੜ ਜਾਵੇਗੀ ਤੇ ਕਾਲਾ ਬਾਜ਼ਾਰੀ ਵਿਚ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਲੜਾਈ ਸਿਰਫ਼ ਕਿਸਾਨ ਦੀ ਹੀ ਨਹੀਂ ਬਲਕਿ ਉਸ ਹਰੇਕ ਵਰਗ ਦੀ ਵੀ ਹੈ ਜੋ ਕਮਾ ਕੇ ਦੋ ਵਕਤ ਦੀ ਰੋਟੀ ਦਾ ਜੁਗਾੜ ਕਰਦਾ ਹੈ।