ਦੇਵਿੰਦਰ ਸਿੰਘ
ਯਮੁਨਾਨਗਰ, 19 ਅਕਤੂਬਰ
ਹਰਿਆਣਾ ਰਾਜ ਬਾਲ ਕਲਿਆਣ ਪ੍ਰੀਸ਼ਦ ਚੰਡੀਗੜ੍ਹ ਦੇ ਸਹਿਯੋਗ ਨਾਲ 12 ਅਕਤੂਬਰ ਤੋਂ ਜ਼ਿਲ੍ਹੇ ਦੇ ਬਾਲ ਭਵਨ ਵਿੱਚ ਜਾਰੀ ਮੁਕਾਬਲੇ ਅੱਜ ਗਰੁੱਪ ਨ੍ਰਿਤ ਮੁਕਾਬਲਿਆਂ ਨਾਲ ਸਮਾਪਤ ਹੋ ਗਏ । ਬਾਲ ਦਿਵਸ ਨੂੰ ਸਮਰਪਿਤ ਇਹ ਸਮਾਗਮ ਜ਼ਿਲ੍ਹਾ ਬਾਲ ਕਲਿਆਣ ਪ੍ਰੀਸ਼ਦ ਵੱਲੋਂ ਰਾਜ ਭਰ ਵਿੱਚ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਰਵਾਏ ਜਾ ਰਹੇ ਹਨ। ਜ਼ਿਲ੍ਹਾ ਬਾਲ ਭਲਾਈ ਕੌਂਸਲ ਯਮੁਨਾਨਗਰ ਵੱਲੋਂ ਕਰਵਾਏ ਗਏ ਨ੍ਰਿਤ, ਗਾਇਨ, ਕੁਇਜ਼ ਮੁਕਾਬਲਿਆਂ ਨੂੰ ਡਿਵੀਜ਼ਨ ਪੱਧਰ ’ਤੇ ਰੱਖਿਆ ਜਾਵੇਗਾ । ਹੁਣ ਅੰਬਾਲਾ ਡਿਵੀਜ਼ਨ ਦੇ ਸਾਰੇ ਜ਼ਿਲ੍ਹਿਆਂ ਦੇ ਮੁਕਾਬਲੇ ਪੰਚਕੂਲਾ ਵਿੱਚ 27 ਤੋਂ 29 ਅਕਤੂਬਰ ਤੱਕ ਕਰਵਾਏ ਜਾਣਗੇ। ਅੱਜ ਗਰੁੱਪ ਤਿੰਨ ਅਤੇ ਗਰੁੱਪ ਚਾਰ ਵਿੱਚ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਗਰੁੱਪ ਤਿੰਨ ਵਿੱਚ ਸਰਸਵਤੀ ਵਿਦਿਆ ਮੰਦਰ ਜਗਾਧਰੀ ਨੇ ਪਹਿਲਾ ਸਥਾਨ, ਦੂਜਾ ਸਥਾਨ ਸਵਰਨ ਵਿਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ, ਤੀਜਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਗਾਧਰੀ ਵਰਕਸ਼ਾਪ ਨੇ ਜਿੱਤਿਆ ਜਦਕਿ ਹੌਂਸਲਾ ਵਧਾਊ ਇਨਾਮ ਸਰਸਵਤੀ ਪਬਲਿਕ ਸਕੂਲ ਅਤੇ ਬਾਲ ਕੁੰਜ ਛਛਰੌਲੀ ਨੂੰ ਮਿਲਿਆ। ਗਰੁੱਪ ਚਾਰ ਵਿੱਚ ਸਰਸਵਤੀ ਪਬਲਿਕ ਸਕੂਲ ਜਗਾਧਰੀ ਨੇ ਪਹਿਲਾ, ਦੂਜਾ ਸਰਸਵਤੀ ਵਿਦਿਆ ਮੰਦਰ ਜਗਾਧਰੀ, ਤੀਜਾ ਸਥਾਨ ਭਗਵਾਨ ਪਰਸ਼ੂਰਾਮ ਸਕੂਲ ਜਗਾਧਰੀ ਨੇ ਪ੍ਰਾਪਤ ਕੀਤਾ ਜਦਕਿ ਹੌਂਸਲਾ ਵਧਾਊ ਇਨਾਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਟੋਲੀ ਅਤੇ ਸੀਨੀਅਰ ਸੈਕੰਡਰੀ ਸਕੂਲ ਮੰਡੋਲੀ ਦੀ ਟੀਮ ਨੇ ਜਿੱਤਿਆ। ਜ਼ਿਲ੍ਹਾ ਬਾਲ ਭਲਾਈ ਅਫਸਰ ਸੁਖਮਿੰਦਰ ਸਿੰਘ ਨੇ ਕਿਹਾ ਕਿ ਇਹ ਮੁਕਾਬਲੇ ਬੱਚਿਆਂ ਦੇ ਸਰਵਪੱਖੀ ਵਿਕਾਸ ਵਿੱਚ ਬਹੁਤ ਲਾਹੇਵੰਦ ਹੁੰਦੇ ਹਨ ਅਤੇ ਬੱਚਿਆਂ ਦੀ ਪ੍ਰਤਿਭਾ ਵਿੱਚ ਨਿਖਾਰ ਆਉਂਦਾ ਹੈ। ਇਸ ਮੌਕੇ ਸਾਹਿਤਕਾਰ ਗੋਵਿੰਦ ਸਿੰਘ ਭਾਟੀਆ, ਬਾਲ ਭਵਨ ਦੇ ਪ੍ਰੋਗਰਾਮ ਅਫ਼ਸਰ ਰਾਮ ਅਵਤਾਰ, ਸਹਾਇਕ ਮਾਂਗੇਰਾਮ, ਪ੍ਰੋਜੈਕਟ ਕੋਆਰਡੀਨੇਟਰ ਸੰਜੀਵ ਬਰਮਨ ਹਾਜ਼ਰ ਸਨ।
ਅੰਤਰ-ਸਕੂਲ ਗੁਰਬਾਣੀ ਕੀਰਤਨ ਮੁਕਾਬਲਾ
ਨਵੀਂ ਦਿੱਲੀ (ਪੱਤਰ ਪ੍ਰੇਰਕ): ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗ੍ਰੇਟਰ ਕੈਲਾਸ਼ 2 ਦੀ ਮੈਨੇਜਮੈਂਟ ਵੱਲੋਂ ਪੰਥ ਰਤਨ ਗਿਆਨੀ ਸੰਤ ਸਿੰਘ ਮਸਕੀਨ ਦੀ ਯਾਦ ਵਿਚ 16ਵਾਂ ਸਾਲਾਨਾ ਅੰਤਰ ਸਕੂਲ ਗੁਰਬਾਣੀ ਕੀਰਤਨ ਮੁਕਾਬਲਾ ਕਰਵਾਇਆ ਗਿਆ। ਇਸ ਵਿਚ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀਆਂ ਵੱਖ ਵੱਖ ਬ੍ਰਾਂਚਾਂ ਦੇ ਵਿਦਿਆਰਥੀਆਂ ਨੇ ਹਿੱਸ ਲਿਆ। ਹਰ ਟੀਮ ਨੂੰ ਗੁਰਬਾਣੀ ਪਰੰਪਰਾ ਅਨੁਸਾਰ ਗੁਰਬਾਣੀ ਕੀਰਤਨ ਦੀ ਜ਼ਿੰਮੇਵਾਰੀ ਦਿੱਤੀ ਗਈ ਤੇ ਮੁਕਾਬਲੇ ਦੇ ਨਿਯਮਾਂ ਮੁਤਾਬਕ ਕੀਰਤਨ ਲਈ ਹਦਾਇਤ ਕੀਤੀ ਗਈ। ਇਸ ਮੌਕੇ ਰਾਗਾਂ ਅਨੁਸਾਰ ਗੁਰਬਾਣੀ ਕੀਰਤਨ ਕੀਤਾ ਗਿਆ ਜਿਸ ਦੀ ਸਭ ਨੇ ਸ਼ਲਾਘਾ ਕੀਤੀ। 20 ਟੀਮਾਂ ਵਿੱਚੋਂ ਮਿਡਲ ਤੇ ਸੀਨੀਅਰ ਟੀਮ ਵਰਗ ਵਿਚ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੀਆਂ ਤਿੰਨ ਸ਼ਾਖਾਵਾਂ ਨੇ ਕੁਆਲੀਫਾਈ ਕਰਕੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਫਾਈਨਲ ਵਿਚ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਇੰਡੀਆ ਗੇਟ ਦੀ ਟੀਮ ਨੇ ਮਿਡਲ ਟੀਮ ਗਰੁੱਪ ਵਿਚ ਪਹਿਲਾ ਸਥਾਨ ਹਾਸਲ ਕੀਤਾ, ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਕਾਲਕਾ ਜੀ ਮਿਡਲ ਟੀਮ ਗਰੁੱਪ ਵਿਚ ਤੀਜੇ ਅਤੇ ਗੁਰੂ ਹਰਿਕ੍ਰਿਸ਼ਨ ਲੋਨੀ ਰੋਡ ਸਕੂਲ ਸੀਨੀਅਰ ਟੀਮ ਗਰੁੱਪ ਵਿਚ ਤੀਜੇ ਸਥਾਨ ’ਤੇ ਰਹੇ। ਜੇਤੂ ਟੀਮਾਂ ਨੂੰ ਸਰਟੀਫਿਕੇਟ, ਵਿਸ਼ੇਸ਼ ਟਰਾਫੀਆਂ ਤੇ 15-15ਹਜ਼ਾਰ ਰੁਪਏ ਦੇ ਨਗਦ ਪੁਰਸਕਾਰ ਦਿੱਤੇ ਗਏ।